ਤਪਾ ਮੰਡੀ, 5 ਜੂਨ (ਖੁਸ਼ਦੀਪ ਗਰਗ, ਰੋਬਿਨ ਗੋਇਲ, ਸੁਨੀਲ ਸ਼ੀਲਾ)- ਸਥਾਨਕ ਸ਼ਹਿਰ ਦੇ ਸਟੇਟ ਬੈਂਕ ਆਫ ਪਟਿਆਲਾ ਨਜ਼ਦੀਕ ਕਬਾੜ ਦੇ ਗੋਦਾਮ ਵਿੱਚ ਪੁਰਾਣੇ ਪਏ ਫਰਨੀਚਰ, ਲੱਕੜ ਦੀਆਂ ਵਸਤਾਂ, ਅਲਮਾਰੀਆਂ ਸਮੇਤ ਕਰੀਬ ਲੱਖਾਂ ਰੁਪਇਆਂ ਦਾ ਸਾਮਾਨ ਕਿਸੇ ਅਣਜਾਣੇ ਕਾਰਨਾਂ ਕਰਕੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਬਾੜ ਗੋਦਾਮ ਦੇ ਮਾਲਕ ਹਰੀਸ਼ ਕੁਮਾਰ, ਕਾਲਾ ਰਾਮ ਠੇਕੇਦਾਰ, ਗੋਪਾਲ ਬਦਰਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਲੱਕੜ, ਲੋਹੇ ਆਦਿ ਦੀਆਂ ਵਸਤਾਂ ਦੇ ਖਰੀਦ ਵੇਚ ਦਾ ਕੰਮ ਕਰਦੇ ਹਨ ਨੇ ਰੂਪ ਚੰਦ ਰੋਡ ਨੇੜੇ ਸਟੇਟ ਬੈਂਕ ਉਪਰ ਕਬਾੜ ਰੱਖਣ ਲਈ ਇਸ ਪੁਰਾਣੀ ਫੈਕਟਰੀ ਦੀ ਇਮਾਰਤ ਨੂੰ ਕਿਰਾਏ ’ਤੇ ਲਿਆ ਹੋਇਆ ਹੈ। ਹਰੀਸ਼ ਕੁਮਾਰ ਨੇ ਦੱਸਿਆ ਕਿਸੇ ਨੇ ਉਸਨੂੰ ਸੂਚਨਾ ਦਿੱਤੀ ਕਿ ਗੋਦਾਮ ਵਿੱਚੋਂ ਧੂੰਆਂ ਨਿਕਲ ਰਿਹਾ ਹੈ, ਜਦ ਜਾਕੇ ਦੇਖਿਆ ਤਾਂ ਕਬਾੜ ਦੇ ਕਮਰੇ ਵਿੱਚ ਅੱਗ ਫੈਲੀ ਹੋਈ ਸੀ ਜਿਸਨੂੰ ਦੇਖਦੇ ਹੀ ਲੋਕ ਅੱਗ ’ਤੇ
ਕਾਬੂ ਪਾਉਣ ਲਈ ਇੱਕਠੇ ਹੋ ਗਏ ਅਤੇ ਬਰਨਾਲਾ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਅੱਗ ਏਨੀ ਭਿਆਨਕ ਸੀ ਕਿ ਜੇਕਰ ਸ਼ਹਿਰ ਦੇ ਲੋਕ ਇਸਨੂੰ ਕਾਬੂ ਨਾ ਕਰਦੇ ਤਾਂ ਇਹ ਘਟਨਾ ਇੱਕ ਵੱਡੇ ਹਾਦਸੇ ਦਾ ਰੂਪ ਧਾਰਨ ਕਰ ਸਕਦੀ ਸੀ ਜਿਸ ਨਾਲ ਨੇੜਲੇ ਘਰ ਵੀ ਅੱਗ ਦੀ ਭੇਟ ਚੜ੍ਹ ਸਕਦੇ ਸਨ।
ਉਧਰ ਘਟਨਾ ਸਥਾਨ ’ਤੇ ਪੁੱਜੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਕਾਫੀ ਜੱਦੋ-ਜਹਿਦ ਬਾਅਦ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਬਿਜਲੀ ਦਾ ਕੱਟ ਲੱਗਣ ਕਾਰਨ ਪਾਣੀ ਦੀਆਂ ਮੋਟਰਾਂ ਵੀ ਬੰਦ ਹੋ ਗਈਆਂ ਤੇ ਅੱਗ ਨੂੰ ਕਾਬੂ ਪਾਉਣ ਲਈ ਸੜਕ ਉੱਤੇ ਪਈ ਮਿੱਟੀ ਦੀ ਵਰਤੋਂ ਕੀਤੀ ਗਈ। ਅੱਗ ਨੂੰ ਕਾਬੂ ਕਰਨ ਵਿੱਚ ਆਸ ਪਾਸ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਸਮਾਨ ਦੇ ਸੜਕੇ ਸੁਆਹ ਬਣਨ ਤੇ ਸਮੂਹ ਸ਼ਹਿਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਸ਼ਹਿਰ ਦੇ ਲੋਕਾਂ ’ਚ ਸਬ ਡਵੀਜ਼ਨ ਅੰਦਰ ਫਾਇਰ ਬਿਗ੍ਰੇਡ ਨਾ ਹੋਣ ਕਾਰਨ ਅਤੇ ਮੌਕੇ ’ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪੁੱਜਣ ਕਾਰਨ ਭਾਰੀ ਰੋਸ ਹੈ। ਕੁਝ ਸਮੇਂ ਬਾਅਦ ਪੁੱਜੇ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ, ਥਾਣਾ ਮੁਖੀ ਮਲਕੀਤ ਸਿੰਘ ਚੀਮਾ, ਤਹਿਸੀਲਦਾਰ ਸੋਜ ਅੱਗਰਵਾਲ ਨੇ ਸਮਾਨ ਮਾਲਕ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਬ ਡਵੀਜ਼ਨ ਅੰਦਰ ਫਾਇਰ ਬ੍ਰਿਗੇਡ ਨਾ ਹੋਣ ਦੀ ਸਖਤ ਨਿੰਦਾ ਕੀਤੀ ਅਤੇ ਸਰਕਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਹਰੀਸ਼ ਕੁਮਾਰ ਨੇ ਤਹਿਸੀਲਦਾਰ ਸਰੋਜ ਅੱਗਰਵਾਲ ਨੂੰ ਦੱਸਿਆ ਕਿ ਉਨ੍ਹਾਂ ਦੀ ਵੈਗਨਆਰ ਕਾਰ, ਮੋਟਰਸਾਇਕਲ ਸਮੇਤ ਲਗਭਗ 10- 12 ਲੱਖ ਦਾ ਸਮਾਨ ਸੜਕੇ ਸੁਆਹ ਹੋ ਚੁੱਕਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਤਹਿਸੀਲਦਾਰ ਮੈਡਮ ਨੂੰ ਕਿਹਾ ਕਿ ਜੇਕਰ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਹੁੰਦੀ ਤਾਂ ਅੱਗ ਨਾਲ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਦੇ ਲੱਗਣ ਦੇ ਕਾਰਨਾਂ ਬਾਰੇ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।



