May 1, 2026 8:25 pm

ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਸਨਮਾਨਿਤ

ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਦੀ ਪੂਰੇ ਪਿੰਡ ’ਚ ਸ਼ਾਨਦਾਰ ਫੇਰੀ ਪੁਆਈ
ਪੱਖੋ ਕਲਾਂ, 30 ਮਈ (ਇੰਦਰਜੀਤ ਤਪਾ)- ਅੱਜ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਮੈਨੇਜਿੰਗ ਟਰੱਸਟੀ ਸ. ਰਵਿੰਦਰਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਸ: ਇੰਦਰਜੀਤ ਸਿੰਘ ਵਲੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਮੈਰਿਟ ਵਿਚ ਆਉਣ ’ਤੇ ਸਨਮਾਨ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀ ਨਵਜੋਤ ਕੌਰ ਅਤੇ ਅਰਸ਼ਦੀਪ ਕੌਰ ਅਤੇ 90 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਪਿੰਡ ਪੱਖੋ ਕਲਾਂ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਪੂਰੇ ਪਿੰਡ ਵਿਚ ਫੇਰੀ ਪੁਆਈ ਗਈ। ਇਸ ਮੌਕੇ ਸੰਸਥਾ ਦੇ ਅਧਿਆਪਕ ਸਾਹਿਬਾਨ

ਅਤੇ ਬਾਕੀ ਵਿਦਿਆਰਥੀ ਵੀ ਸ਼ਾਮਿਲ ਹੋਏ। ਲੋਕਾਂ ਵੱਲੋਂ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ: ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਜੋ ਸਵ: ਜਥੇਦਾਰ ਅਜੀਤ ਸਿੰਘ ਪੱਖੋ (ਬਾਨੀ ਪ੍ਰਧਾਨ) ਵੱਲੋਂ 34 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਵਿਚ ਪਹਿਲਾਂ ਵੀ ਵਿਦਿਆਰਥੀ ਮੈਰਿਟ ਵਿਚ ਆਪਣਾ ਨਾਮ ਦਰਜ਼ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲਗਨ ਅਤੇ ਸਚਾਈ ਨਾਲ ਮਿਹਨਤ ਕਰਨ ਵਾਲਾ ਵਿਅਕਤੀ ਹਮੇਸ਼ਾ ਸਫ਼ਲਤਾ ਪ੍ਰਾਪਤ ਕਰਦਾ ਹੈ ਚਾਹੇ ਉਸ ਦੇ ਰਾਹ ਵਿਚ ਕਿੰਨੀਆਂ ਵੀ ਰੁਕਾਵਟਾਂ ਆਉਣ। ਇਸ ਮੌਕੇ ਸੰਸਥਾ ਦੇ ਅਣਥੱਕ ਅਤੇ ਮਿਹਨਤੀ ਸਟਾਫ਼ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵਿਚ ਮਿਠਾਈ ਵੰਡੀ ਗਈ। ਇਸ ਮੌਕੇ ਕਮੇਟੀ ਮੈਂਬਰ ਮਾ: ਗਲੋਦਰ ਖਾਨ, ਸ: ਮਲਕੀਤ ਸਿੰਘ, ਸ: ਗੁਰਜੰਟ ਸਿੰਘ ਮਾਨ, ਸੂਬੇਦਾਰ ਹਰਭਜਨ ਸਿੰਘ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋ-ਆਰਡੀਨੇਟਰ ਬਲਵਿੰਦਰ ਕੌਰ, ਸਮੂਹ ਅਧਿਆਪਕ ਸਾਹਿਬਾਨ, ਬੱਚਿਆਂ ਦੇ ਮਾਪੇ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਿਰ ਸਨ।

Send this to a friend