May 1, 2026 12:21 am

ਧਾਰਮਿਕ ਦਰਸ਼ਨ ਯਾਤਰਾ ਨੇ ਕਾਹਨੂੰਵਾਨ ਇਲਾਕੇ ਨੂੰ ਲਗਾਏ ਭਾਗ

ਕਾਹਨੂੰਵਾਨ, 26 ਮਈ (ਪੀ. ਟੀ.)- ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਹੋਈ ਧਾਰਮਿਕ ਦਰਸ਼ਨ ਯਾਤਰਾ ਅੱਜ ਬਾਅਦ ਦੁਪਹਿਰ ਵਿਧਾਨ ਸਭਾ ਹਲਕਾ ਕਾਦੀਆਂ ਦੇ ਇਲਾਕਾ ਕਾਹਨੂੰਵਾਨ ‘ਚ ਦਾਖਲ ਹੋ ਗਈ। ਕਾਦੀਆਂ ਹਲਕੇ ਦੀ ਹੱਦ ‘ਤੇ ਪਿੰਡ ਤੁਗਲਵਾਲ ਰਿਆੜਕੀ ਕਾਲਜ ਮੋੜ ‘ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਕਾਦੀਆਂ ਹਲਕੇ ਸੰਗਤ ਵੱਲੋਂ ਦਰਸ਼ਨ ਯਾਤਰਾ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸ਼ਰਨਜੀਤ ਕੌਰ ਜੀਂਦੜ, ਪ੍ਰਧਾਨ ਜਰਨੈਲ ਸਿੰਘ ਮਾਹਲ, ਕੰਵਲਪ੍ਰੀਤ ਸਿੰਘ ਕਾਕੀ, ਗੁਰਬਚਨ ਸਿੰਘ, ਜੋਗਿੰਦਰ ਸਿੰਘ ਛੀਨਾ, ਅਜੀਤ ਸਿੰਘ ਰਾਣਾ ਰਾਏਚੱਕ, ਇਕਬਾਲ ਸਿੰਘ ਲਾਡੀ, ਸਰਬਜੀਤ ਸਿੰਘ ਜਾਗੋਵਾਲ, ਚੈਂਚਲ ਸਿੰਘ ਬਾਗੜੀਆਂ, ਰੁਪਿੰਦਰ ਸਿੰਘ ਵੀ ਹਾਜ਼ਰ ਸਨ।

ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਦਰਸ਼ਨ ਯਾਤਰਾ ਦਾ ਹਲਕੇ ’ਚ ਆਉਣ ‘ਤੇ ਸਵਾਗਤ ਕੀਤਾ। ਇਸੇ ਦੌਰਾਨ ਪਾਲਕੀ ਸਾਹਿਬ ਵੱਲੋਂ ਜਥੇਦਾਰ ਸੇਵਾ ਸਿੰਘ ਸੇਖਵਾਂ, ਜਗਰੂਪ ਸਿੰਘ ਸੇਖਵਾਂ, ਪ੍ਰਧਾਨ ਜਰਨੈਲ ਸਿੰਘ ਮਾਹਲ, ਬੀਬੀ ਸ਼ਰਨਜੀਤ ਕੌਰ ਜੀਂਦੜ ਅਤੇ ਹੋਰ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ।
          ਧਾਰਮਿਕ ਦਰਸ਼ਨ ਯਾਤਰਾ ਜਿਵੇਂ ਹੀ ਕਾਦੀਆਂ ਹਲਕੇ ਦੀ ਹਦੂਦ ਅੰਦਰ ਪਹੁੰਚੀ ਤਾਂ ਸੰਗਤਾਂ ਨੇ ਜੈਕਾਰੇ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ। ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਰਧਾ ਵਜੋਂ ਗੁਰੂ ਸਾਹਿਬ ਦੇ ਸਰੂਪ ਲਈ ਰੁਮਾਲੇ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ ਅਤੇ ਸੰਗਤਾਂ ਨੇ ਪੂਰੇ ਅਦਬ ਸਤਿਕਾਰ ਨਾਲ ਪਾਲਕੀ ਸਾਹਿਬ ਅਤੇ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਸਿਜਦਾ ਕੀਤਾ। ਸੰਗਤਾਂ ਦੀ ਭਾਰੀ ਭੀੜ ਹੋਣ ਕਾਰਨ ਛੋਟੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਮੋਢਿਆਂ ‘ਤੇ ਚੜ੍ਹ ਕੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਸੜਕ ਦੇ ਦੋਵੇਂ ਪਾਸੇ ਦੂਰ-ਦੂਰ ਤੱਕ ਸੰਗਤਾਂ ਦਾ ਭਾਰੀ ਇਕੱਠ ਕਿਸੇ ਵੱਡੇ ਜੋੜ ਮੇਲੇ ਦੀ ਝਲਕ ਦੇ ਰਿਹਾ ਸੀ। ਜਿਉਂ ਯਾਤਰਾ ਅੱਗੇ ਵੱਧ ਰਹੀ ਸੀ ਸੰਗਤਾਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਸੰਗਤਾਂ ਦੀ ਸਹੂਲਤ ਲਈ ਛਬੀਲਾਂ ਅਤੇ ਗੁਰੂ ਕੇ ਲੰਗਰਾਂ ਦੇ ਅਤੁੱਟ ਪ੍ਰਵਾਹ ਚੱਲ ਰਹੇ ਸਨ। ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਪਾਰਟੀ ਵੱਲੋਂ ਗੁਰੂ ਗਰ੍ਰੰਥ ਸਾਹਿਬ ਜੀ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਸਲਾਮੀ ਵੀ ਦਿੱਤੀ।
ਇਸੇ ਦੌਰਾਨ ਯਾਤਰਾ ਦੇ ਸਵਾਗਤ ‘ਚ ਲੱਗੇ ਧਾਰਮਿਕ ਦੀਵਾਨ ‘ਚ ਸੰਗਤਾਂ ਨਾਲ ਮੁਖਾਤਬ ਹੁੰਦਿਆਂ ਚੇਅਰਮੈਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ 6 ਮਈ ਤੋਂ ਪਟਿਆਲੇ ਦੀ ਧਰਤੀ ਤੋਂ ਸ਼ੁਰੂ ਹੋਈ ਇਹ ਧਾਰਮਿਕ ਦਰਸ਼ਨ ਯਾਤਰਾ ਅੱਜ ਹਲਕਾ ਕਾਦੀਆਂ ਵਿਖੇ ਪਹੁੰਚੀ ਹੈ, ਜਿਸਦਾ ਉਹ ਹਲਕੇ ਦੀ ਸਮੂਹ ਸੰਗਤ ਵੱਲੋਂ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਇਲਾਕੇ ਦੀ ਸੰਗਤ ਬਹੁਤ ਵੱਡੇ ਭਾਗਾਂ ਵਾਲੀ ਹੈ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਂਝਾ ਉਪਰਾਲਾ ਸਿੱਖੀ ਦੇ ਪ੍ਰਚਾਰ ਨੂੰ ਨਵਾਂ ਹੁਲਾਰਾ ਦੇਵੇਗਾ ਅਤੇ ਅਜਿਹੇ ਯਤਨਾ ਨਾਲ ਨਵੀਂ ਪੀੜ੍ਹੀ ਸਿੱਖੀ ਨਾਲ ਜੁੜੇਗੀ। ਜਥੇਦਾਰ ਸੇਖਵਾਂ ਨੇ ਕਿਹਾ ਕਿ ਹਲਕੇ ਦੀ ਸੰਗਤ  ਵੱਲੋਂ ਦਰਸ਼ਨ ਯਾਤਰਾ ਦੌਰਾਨ ਜਿਥੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕੀਤੇ ਜਾਣਗੇ ਉਥੇ ਯਾਤਰਾ ਨਾਲ ਆਈ ਸੰਗਤ ਦੀ ਵੀ ਪੂਰੀ ਟਹਿਲ ਸੇਵਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਦਾ ਅੱਜ ਰਾਤ ਦਾ ਠਹਿਰਾਅ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਘੱਲੂਘਾਰਾ ਵਿਖੇ ਹੋਵੇਗਾ, ਜਿਥੇ ਵੱਡੀ ਗਿਣਤੀ ‘ਚ ਬੇਟ ਇਲਾਕੇ ਦੀ ਸੰਗਤ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰੇਗੀ।

Send this to a friend