ਮ੍ਰਿਤਕ ਘੱਟ ਗਿਣਤੀ ਸ਼ੀਆ ਇਸਮਾਈਲੀ ਭਾਈਚਾਰੇ ਨਾਲ ਸਬੰਧਿਤ
ਕਰਾਚੀ, 13 ਮਈ (ਪੀ. ਟੀ. ਲਾਇਵ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ’ਚ ਅੱਜ ਅੱਠ ਹਮਲਾਵਰਾਂ ਨੇ ਇਕ ਯਾਤਰੀ ਬੱਸ ’ਚ ਦਾਖਲ ਹੋ ਕੇ ਯਾਤਰੀਆਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ’ਚ ਘੱਟ ਗਿਣਤੀ ਇਸਮਾਈਲ ਮੁਸਲਮਾਨ ਸਮੂਹ ਦੇ ਘੱਟ ਤੋਂ ਘੱਟ 47 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ ਹਨ।ਪੁਲਿਸ ਅਧਿਕਾਰੀ ਮੁਤਾਬਿਕ ਕਰਾਚੀ ’ਚ ਗੁਲਸਿਤਾਂ-ਏ-ਜੌਹਰ ਇਲਾਕੇ ਦੇ ਸਫੋਰਾ ਚੋਰੰਗੀ ’ਚ ਮੋਟਰਸਾਈਕਲਾਂ ’ਤੇ ਸਵਾਰ ਅੱਠ ਬੰਦੂਕਧਾਰੀਆਂ ਨੇ ਇਕ ਬੱਸ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ।ਬਚਾਅ ਕਾਰਜਕਰਤਾਵਾਂ ਨੇ ਜ਼ਖਮੀਆਂ ਤੇ ਮ੍ਰਿਤਕ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਭਰਤੀ ਕਰਾਇਆ ਹੈ। ਪੁਲਿਸ ਮੁਤਾਬਿਕ ਬੰਦੂਕਧਾਰੀਆਂ ਨੇ ਇਸ ਖਚਾਖਚ ਭਰੀ ਬੱਸ ਨੂੰ ਰੋਕ ਲਿਆ।ਇਸ ’ਚ ਦਾਖਲ ਹੋ ਗਏ ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਬੱਸ ’ਚ 60 ਤੋਂ ਵੱਧ ਲੋਕ ਸਵਾਰ ਸਨ।ਸ਼ੀਆ ਇਸਮਾਈਲ ਸਮੂਹ ਦੇ ਲੋਕਾਂ ਨੂੰ ਲੈ ਕੇ ਇਹ
ਬੱਸ ਸ਼ਹਿਰ ਦੇ ਅਲ-ਅਜਹਰ ਗਾਰਡਨ ਇਲਾਕੇ ਤੋਂ ਆਇਸ਼ਾ ਮੰਜ਼ਲ ਦੇ ਕਰੀਬ ਸਥਿਤ ਉਨ੍ਹਾਂ ਦੇ ਧਾਰਮਿਕ ਸਥਾਨ ਵੱਲ ਜਾ ਰਹੀ ਸੀ।ਇਸ ਘਟਨਾ ਵਿੱਚ ਬੰਦੂਕ ਧਾਰੀਆਂ ਵੱਲੋਂ 9 ਐਮਐਮ ਪਿਸਤੌਲਾਂ ਦੀ ਵਰਤੋਂ ਕੀਤੀ ਗਈ। ਇਹ ਘਟਨਾ ਪਹਿਲਾਂ ਤੋਂ ਹੀ ਪੂਰੀ ਤਿਆਰੀ ਕਰਕੇ ਅੰਜਾਮ ਦਿੱਤੀ ਗਈ। ਇਸ ਵਿੱਚ ਬੱਸ ਡਰਾਇਵਰ ਨੂੰ ਸਭ ਤੋਂ ਪਹਿਲਾਂ ਗੋਲੀ ਮਾਰ ਕੇ ਮਾਰਿਆ ਗਿਆ। ਗੁਲਾਬੀ ਰੰਗ ਦੀ ਇਹ ਬੱਸ ਇਸ ਫਿਰਕੇ ਦੇ ਲੋਕਾਂ ਨੂੰ ਲੈ ਕੇ ਰੋਜ਼ਾਨਾ ਪੰਜ ਵਾਰ ਆਇਸ਼ਾ ਮੰਜ਼ਲ ਜਾਂਦੀ ਹੈ। ਹਾਲ ਦੇ ਸਾਲਾਂ ’ਚ ਪਾਕਿਸਤਾਨ ’ਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਖਿਲਾਫ ਸੰਪਰਦਾਇਕ ਹਿੰਸਾ ’ਚ ਵਾਧਾ ਹੋਇਆ ਹੈ। ਜੋ ਦੇਸ਼ ਦੇ ਮੁਸਲਮਾਨਾਂ ਦੀ ਜਨਸੰਖਿਆ ਦਾ ਲਗਭਗ 20 ਫੀਸਦੀ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਸਦਰ ਨਵਾਜ਼ ਸ਼ਰੀਫ ਨੇ ਆਪਣੇ ਅਫਗਾਨਿਸਤਾਨ ਦੌਰੇ ਦੌਰਾਨ ਆਖਿਆ ਸੀ ਕਿ ਜਿਹੜੇ ਲੋਕ ਅਫਗਾਨਿਸਤਾਨ ਦੇ ਦੁਸ਼ਮਣ ਹਨ ਉਹ ਪਾਕਿਸਤਾਨ ਦੇ ਵੀ ਦੁਸ਼ਮਣ ਹਨ। ਇਸ ਹਮਲੇ ਨੂੰ ਇਸੇ ਸੰਦਰਭ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੱਸ ਹਮਲੇ ਦੌਰਾਨ ਕੁਝ ਪੈਂਫਲੈਂਟ ਵੀ ਵਾਰਦਾਤ ਵਾਲੇ ਸਥਾਨ ਨੇੜਿਉਂ ਮਿਲੇ ਜਿਸ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ ਅਤੇ ਅਜਿਹੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਹੈ।