ਚੰਡੀਗੜ੍ਹ, 11 ਮਈ (ਪੀ. ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਬਾਰ੍ਹਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਵਿੱਚ ਮੋਹਰੀ ਰਹੀਆਂ ਵਿਦਿਆਰਥਣਾਂ ਨੂੰ ਵਧਾਈ ਦੇਣ ਦੇ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਨਤੀਜਿਆਂ ਵਿੱਚ ਸਰਕਾਰੀ ਸਕੂਲ ਮੋਹਰੀ ਰਹੇ ਹਨ। ਅੱਜ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰਦਿਆਂ ਪਹਿਲੀਆਂ ਸੱਤ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਪਹਿਲੀਆਂ 10 ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿੱਚ 9 ਲੜਕੀਆਂ ਸ਼ਾਮਲ ਹਨ। ਮੈਰਿਟ ਵਿੱਚ ਸ਼ਾਮਲ 366 ਵਿਦਿਆਰਥੀਆਂ ਵਿੱਚੋਂ ਵੀ 268 ਪੁਜੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ ਜਿਸ ਦਾ ਭਾਵ 75 ਫੀਸਦੀ ਮੈਰਿਟ ਪੁਜੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਪਾਸ ਫੀਸਦੀ ਦਰ ਵਿੱਚ ਸਰਕਾਰੀ ਸਕੂਲ ਸਭ ਤੋਂ ਮੋਹਰੀ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ
ਪਾਸ ਫੀਸਦੀ ਦਰ ਬਾਕੀ ਸਕੂਲਾਂ ਨਾਲੋਂ ਵੱਧ ਰਹੀ ਹੈ। 29 ਖਿਡਾਰੀਆਂ ਨੇ ਵੀ ਮੈਰਿਟ ਵਿੱਚ ਜਗ੍ਹਾਂ ਹਾਸਲ ਕੀਤੀ ਹੈ ਜਿਨ੍ਹਾਂ ਵਿੱਚੋਂ 21 ਲੜਕੀਆਂ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਡਾ. ਚੀਮਾ ਨੇ ਕਿਹਾ ਕਿਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਦੀ ਬਰਾਬਰਤ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ ਕਿ ਵਿਦਿਆਰਥਣਾਂ ਨੇ ਮੋਹਰੀ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵਿਦਿਆਰਥਣਾਂ ਨੂੰ ਬਾਰ੍ਹਵੀਂ ਜਮਾਤ ਤੱਕ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਉਥੇ ਪੰਜਾਬ ਸਰਕਾਰ ਵੱਲੋਂ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਲਈ ਮੁਫਤ ਸਾਈਕਲ ਵੰਡੇ ਜਾ ਰਹੇ ਹਨ।
ਡਾ.ਚੀਮਾ ਨੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਮੈਰਿਟ ’ਚ ਮੋਹਰੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖਤ ਮਿਹਨਤ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਦਾ ਸਿੱਟਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਆਈਆਂ ਪੰਜ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਸਭ ਤੋਂ ਬਿਹਤਰ ਆਏ ਹਨ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਦੇ ਨਤੀਜਿਆਂ ਦੀ ਪਾਸ ਫੀਸਦੀ ਦਰ 76.24 ਫੀਸਦੀ ਹੈ ਜਦੋਂ ਕਿ ਸਰਕਾਰੀ ਸਕੂਲਾਂ ਦੇ ਨਤੀਜੇ 77.99 ਫੀਸਦੀ ਆਏ ਹਨ। ਇਸ ਤੋਂ ਇਲਾਵਾ ਐਫੀਲਈਏਟਡ ਤੇ ਆਦਰਸ਼ ਸਕੂਲਾਂ ਦੇ ਨਤੀਜੇ 75.29 ਫੀਸਦੀ, ਐਸੋਸੀਏਟਡ ਸਕੂਲਾਂ ਦੇ ਨਤੀਜੇ 72.24 ਫੀਸਦੀ ਅਤੇ ਏਡਿਡ ਸਕੂਲਾਂ ਦੇ ਨਤੀਜੇ 68.34 ਫੀਸਦੀ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਦੇਣ ਦੀ ਵਚਨਬੱਧਤਾ ਹੀ ਹੈ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜੇ ਬਿਹਤਰ ਆਏ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਦੂਹਰੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਵਿੱਚੋਂ 29 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ।
ਡਾ.ਚੀਮਾ ਨੇ ਬਾਰ੍ਹਵੀਂ ਦੇ ਥੋੜ੍ਹੇ ਸਮੇਂ ਅੰਦਰ ਨਤੀਜੇ ਦੇ ਐਲਾਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਧਾਲੀਵਾਲ, ਸਮੂਹ ਬੋਰਡ ਸਟਾਫ ਅਤੇ ਪੇਪਰ ਚੈਕਿੰਗ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ ਜਿਸ ਨੇ ਨਤੀਜਿਆਂ ਦਾ ਜਲਦ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਟੇਬਲ ਮਾਰਕਿੰਗ ਰਾਹੀਂ ਇਮਤਿਹਾਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਨਾਲ ਨਤੀਜਿਆਂ ਉਪਰੰਤ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਇਤਰਾਜ਼ਾਂ ਵਿੱਚ ਕਮੀ ਆਵੇਗੀ। ਉਨ੍ਹਾਂ ਇਸ ਗੱਲ ’ਤੇ ਵੀ ਤਸੱਲੀ ਪ੍ਰਗਟਾਈ ਕਿ ਇਸ ਵਾਰ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਿੱਖਿਆ ਵਿਭਾਗ ਤੇ ਬੋਰਡ ਵੱਲੋਂ ਮਿਲ ਕੇ ਨਕਲ ਰੋਕੋ ਅਭਿਆਨ ਨੂੰ ਸਫਲਤਾਪੂਰਵਕ ਚਲਾਇਆ ਗਿਆ ਸੀ।