ਬਠਿੰਡਾ, 11 ਮਈ (ਇੰਦਰਜੀਤ ਨਥਾਣਾ)- ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇਖਕੇ ਸੰਗਤਾਂ ਦੇ ਜਜ਼ਬਾਤ ਕੰਟਰੋਲ ਨਹੀਂ ਹੋ ਰਹੇ ਅਤੇ ਗੁਰੂ ਸਾਹਿਬਾਨ ਦੀ ਯਾਦ ਵਿਚ ਉਨ੍ਹਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਇਹ ਭਾਵੁਕ ਦ੍ਰਿਸ਼ ਉਦੋਂ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਸ਼ੁਰੂ ਕੀਤੀ ਗਈ ‘ਧਾਰਮਿਕ ਦਰਸ਼ਨ ਯਾਤਰਾ’ ਅੱਜ ਸਵੇਰੇ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਪੂਰੇ ਜਾਹੋ-ਜਲਾਲ ਨਾਲ ਗਿੱਦੜਬਾਹਾ ਲਈ ਰਵਾਨਾ ਹੋਈ। ਸੰਗਤਾਂ ਵਿਚ ਏਨਾ ਉਤਸ਼ਾਹ ਭਰਿਆ ਹੋਇਆ ਹੈ ਕਿ ਉਨ੍ਹਾਂ ਨੇ ਆਪਣੀਆਂ ਇੱਛਾਵਾਂ ਅਤੇ ਸੁੱਖਾਂ ਵੀ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸਨਮੁੱਖ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਸੰਗਤਾਂ ਵਿਚ ਸ਼ਾਮਿਲ ਇਕ ਬੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਕੇ ਆਪਣੇ ਬੱਚੇ ਦੇ ਸੋਹਣੇ ਭਵਿੱਖ ਦੀ ਕਾਮਨਾ ਕੀਤੀ। ਇਸੇ ਤਰ੍ਹਾਂ ਨੌਜਵਾਨਾਂ ਵਲੋਂ ਨਸ਼ਿਆਂ ਤੋਂ ਬਚੇ ਰਹਿਣ, ਭੈਣਾਂ
ਵਲੋਂ ਭਰਾਵਾਂ ਦੀ ਸਲਾਮਤੀ ਤੇ ਲੰਮੀ ਉਮਰ ਅਤੇ ਮਾਤਾ-ਪਿਤਾ ਵਲੋਂ ਆਪਣੇ ਬੱਚਿਆਂ ਦੇ ਉਜਵੱਲ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੰਗਤਾਂ ਨੇ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਤੋਂ ਬਾਅਦ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਮੰਗ ਵੀ ਰੱਖੀ ਕਿ ਗੁਰੂ ਸਾਹਿਬਾਨ ਦੀਆਂ ਇਨ੍ਹਾਂ ਪਵਿੱਤਰ ਛੋਹ ਵਾਲੀਆਂ ਵਸਤਾਂ/ਹੱਥ ਲਿਖਤ ਗੁਰਬਾਣੀ ਦੇ ਦਰਸ਼ਨਾਂ ਨਾਲ ਹੀ ਸਾਡੇ ਦੁੱਖ ਅਤੇ ਕਸ਼ਟ ਦੂਰ ਹੋ ਜਾਣ, ਤਾਂ ਜੋ ਅਸੀਂ ਫਿਰ ਇਨ੍ਹਾਂ ਨਿਸ਼ਾਨੀਆਂ ਸਨਮੁੱਖ ਹੋ ਕੇ ਆਪ ਜੀ ਦਾ ਕੋਟਾਨ ਕੋਟਿ ਧੰਨਵਾਦ ਕਰ ਸਕੀਏ। ਇਸ ਤੋਂ ਇਲਾਵਾ ਸੰਗਤਾਂ ਵਿਚੋਂ ਹੋਰਾਂ ਨੇ ਵੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਸੀਸ ਨਿਵਾ ਕੇ ਆਪਣੀ ਜ਼ਿੰਦਗੀ ਵਿਚ ਸੁੱਖ-ਸ਼ਾਂਤੀ ਅਤੇ ਸਰੱਬਤ ਦੇ ਭਲੇ ਦੀ ਫਰਿਆਦ ਕੀਤੀ।
ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੀਆਂ ਸੰਗਤਾਂ ਨੂੰ 3 ਦਿਨ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਲਾਕੇ ਦੀਆਂ ਸੰਗਤਾਂ ਨੇ ਗੁਰੂ ਸਾਹਿਬਾਨ ਨਾਲ ਸਬੰਧਤ 13 ਦੁਰਲੱਭ ਨਿਸ਼ਾਨੀਆਂ, ਵਸਤਰਾਂ ਤੇ ਸਸ਼ਤਰਾਂ ਦੇ ਦਰਸ਼ਨ ਕੀਤੇ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵਲੋਂ ਅਰਦਾਸ ਕੀਤੀ ਗਈ, ਉਪਰੰਤ ਯਾਤਰਾ ਨੂੰ ਰਵਾਨਾ ਕਰਨ ਦੌਰਾਨ ਉਨ੍ਹਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਯਾਤਰਾ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਰਵਾਨਾ ਹੋ ਕੇ ਸ਼ਹੀਦ ਜਰਨੈਲ ਸਿੰਘ ਚੌਕ, ਮੁਲਤਾਨੀਆ ਰੋਡ, ਬਠਿੰਡਾ-ਮਲੋਟ ਰੋਡ ਹੁੰਦੀ ਹੋਈ ਬੱਲੂਆਣਾ ਰਾਹੀਂ ਗਿੱਦੜਬਾਹਾ ਲਈ ਰਵਾਨਾ ਹੋਈ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ, ਹਲਕਾ ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ ਸ਼੍ਰੀ ਕੁਲਦੀਪ ਚਾਹਲ, ਐਗਜ਼ੈਕਟਿਵ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਮੋਹਨ ਸਿੰਘ ਬੰਗੀ, ਮੈਨੇਜਰ ਗੁਰਦੁਆਰਾ ਹਾਜੀ ਰਤਨ ਸਾਹਿਬ ਭਾਈ ਸ਼ੁਮੇਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਅਤੇ ਸ੍ਰ. ਸੁਖਦੇਵ ਸਿੰਘ ਬਾਹੀਆ, ਮੇਅਰ ਸ਼੍ਰੀ ਬਲਵੰਤ ਨਾਥ ਰਾਏ, ਸਾਬਕਾ ਮੇਅਰ ਸ਼੍ਰੀ ਬਲਜੀਤ ਸਿੰਘ ਬੀੜਬਹਿਮਣ ਤੋਂ ਇਲਾਵਾ ਹੋਰ ਵੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖ਼ਸ਼ੀਅਤਾਂ ਹਾਜ਼ਰ ਸਨ। ਸੰਗਤਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਦੋ ਪਾਵਨ ਨਿਸ਼ਾਨੀਆਂ 46 ਇੰਚ ਲੰਬੀ ਕਿਰਪਾਨ ਅਤੇ 22 ਇੰਚ ਲੰਮਾ ਕੋਰੜਾ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਕ ਸ੍ਰੀ ਸਾਹਿਬ, ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 10 ਪਵਿੱਤਰ ਨਿਸ਼ਾਨੀਆਂ, ਜਿਨ੍ਹਾਂ ਵਿਚ ਤਿੰਨ ਕਿਰਪਾਨਾਂ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ਲੰਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਅਤੇ ਪੰਜ ਤੀਰ ਸ਼ਾਮਲ ਹਨ, ਦੇ ਦਰਸ਼ਨ ਕੀਤੇ। ਇਨ੍ਹਾਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਤਿਆਰ ਕੀਤੀ ਗਈ 33 ਫੁੱਟ ਲੰਮੀ ਵਿਸ਼ੇਸ਼ ਬੱਸ ਰਾਹੀਂ ਕਰਵਾਏ ਜਾ ਰਹੇ ਹਨ। ਉਧਰ ਅੱਜ ਸੰਗਤਾਂ ਲਈ ਥਾਂ-ਥਾਂ ਮੈਂਗੋ ਜੂਸ, ਗੁੜ, ਲੱਡੂਆਂ, ਪਕੌੜਿਆਂ, ਫਰੂਟ, ਮਿਨਰਲ ਵਾਟਰ ਅਤੇ ਫਰੂਟੀਆਂ ਦੇ ਲੰਗਰ ਲੱਗੇ ਹੋਏ ਸਨ।