ਦੰਤੇਵਾੜਾ, 9 ਮਈ (ਪੀ. ਟੀ. ਲਾਇਵ)- ਛੱਤੀਸਗੜ੍ਹ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਨਕਸਲੀਆਂ ਨੇ 250 ਦੇ ਕਰੀਬ ਪਿੰਡ ਵਾਲਿਆਂ ਨੂੰ ਬੰਧਕ ਬਣਾ ਲਿਆ। ਦੱਸਿਆ ਜਾਂਦਾ ਹੈ ਕਿ ਤੋਂਗਪਾਲ ਇਲਾਕੇ ਵਿੱਚ ਨਕਸਲੀਆਂ ਨੇ ਇਨ੍ਹਾਂ ਪੇਂਡੂਆਂ ਨੂੰ ਬੰਧਕ ਬਣਾਇਆ ਹੈ। ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਹੈ ਕਿ ਸੁਕਮਾ ਜ਼ਿਲ੍ਹੇ ਵਿੱਚ ਕੁਝ ਪਿੰਡਾਂ ’ਚੋਂ ਨਕਸਲੀਆਂ ਨੇ 200 ਤੋਂ 300 ਦੇ ਕਰੀਬ ਵਿਅਕਤੀਆਂ ਨੂੰ ਅਗਵਾ ਕਰ ਲਿਆ ਹੈ। ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਪਿੰਡਾਂ ਵਾਲਿਆਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਜਾਣ ਤੋਂ ਰੋਕਣ ਲਈ ਅਜਿਹਾ ਕੀਤਾ। ਜਾਣਕਾਰ ਦਸਦੇ ਹਨ ਕਿ ਅਜਿਹਾ ਇਸ ਲਈ ਵੀ ਕੀਤਾ ਗਿਆ ਹੈ ਤਾਂ ਕਿ ਨਕਸਲੀ ਮੀਡੀਆ ਦਾ ਧਿਆਨ ਖਿੱਚ ਸਕਣ। ਕੁਝ ਵਿਅਕਤੀਆਂ ਦਾ ਇਹ ਵੀ ਕਹਿਣਾ ਹੈ ਕਿ ਨਕਸਲੀ ਅਜਿਹਾ ਕਰਦੇ ਹਨ ਪਰ ਕਿਸੇ ਪਿੰਡ ਵਾਲੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਨਕਸਲੀਆਂ ਨੇ ਇਲਾਕੇ ’ਚ ਪੈਂਦੀ ਇੱਕ ਰੇਲ ਲਾਈਨ ਨੂੰ ਵੀ ਉਡਾ ਦਿੱਤਾ।