ਨਵੀਂ ਦਿੱਲੀ, 7 ਮਈ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਦਲੇ ਦੀ ਸਿਆਸਤ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਨੂੰ ਯਾਦ ਦਿਵਾਉਂਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਦੇ ਚੋਣ ਖੇਤਰ ਅਮੇਠੀ ‘ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰੱਦ ਨਾ ਕੀਤਾ ਜਾਵੇ। ਸਰਕਾਰ ਨੇ ਹਾਲਾਂਕਿ ਕਿਸੇ ਬਦਲੇ ਦੀ ਭਾਵਨਾ ਤੋਂ ਇਨਕਾਰ ਕਰਦੇ ਹੋਏ ਯਕੀਨ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਦੇਖੇਗੀ। ਕਾਂਗਰਸ ਨੇਤਾ ਨੇ ਅਮੇਠੀ ‘ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰੱਦ ਨਾ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਰਾਜਨੇਤਾਵਾਂ ਦੇ ਕੋਲ ਆਪਣੇ ਵਾਅਦੇ ਹੁੰਦੇ ਹਨ। ਸਭ ਤੋਂ ਜ਼ਰੂਰੀ ਵਾਅਦਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਉਹ ਬਦਲੇ ਦੀ ਸਿਆਸਤ ਨਹੀਂ ਕਰਨਗੇ। ਇਸ ਲਈ ਅਮੇਠੀ ਫੂਡ ਪਾਰਕ ਨੂੰ ਰੱਦ ਨਾ ਕੀਤਾ ਜਾਵੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਵਲੋਂ ਚੁੱਕੇ ਗਏ ਮੁੱਦਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਫੂਡ ਪਾਰਕ ਨੂੰ ਸਿਧਾਂਤਕ ਰੂਪ ਨਾਲ ਸਾਲ 2010 ‘ਚ ਮਨਜ਼ੂਰੀ ਦਿੱਤੀ ਗਈ ਸੀ ਪਰ ਪਿਛਲੇ ਤਿੰਨ ਚਾਰ ਸਾਲਾਂ ‘ਚ ਕੀ ਹੋਇਆ ਹੈ ? ਉਹ ਇਸ ‘ਚ ਨਹੀਂ ਜਾਣਗੇ ਤੇ ਇਸ ਮਾਮਲੇ ਨੂੰ ਦੇਖਣਗੇ ਕਿ ਇਸ ਮਾਮਲੇ ‘ਚ ਕੀ ਹੋ ਰਿਹਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਯਕੀਨ ਦਿਵਾਇਆ ਕਿ ਉਹ ਨਿੱਜੀ ਰੂਪ ਨਾਲ ਇਸ ਮਾਮਲੇ ਨੂੰ ਦੇਖਣਗੇ।