April 21, 2026 10:35 pm

ਹਿੱਟ ਐਂਡ ਰਨ ਮਾਮਲੇ ਵਿੱਚ ਸਲਮਾਨ ਨੂੰ 5 ਸਾਲ ਦੀ ਸਜ਼ਾ

ਮੁੰਬਈ ਹਾਈਕੋਰਟ ਵੱਲੋਂ 2 ਦਿਨ ਦੀ ਅੰਤਰਿਮ ਜ਼ਮਾਨਤ ਮਿਲੀ
01_10 ਮੁੰਬਈ, 6 ਮਈ (ਪੀ. ਟੀ. ਲਾਇਵ)- ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਲਮਾਨ ਖਾਨ ਨੂੰ ਅੱਜ ਮੁੰਬਈ ਸੈਸ਼ਨ ਕੋਰਟ ਨੇ 13 ਸਾਲ ਪੁਰਾਣੇ ਹਿੱਟ ਐਂਡ ਰਨ ਮਾਮਲੇ ਵਿੱਚ ਗੈਰ ਇਰਾਦਤਨ ਹੱਤਿਆ ਦੇ ਅਪਰਾਧ ਦਾ ਦੋਸ਼ੀ ਪਾਇਆ ਤੇ ਪੰਜ ਸਾਲ ਦੀ ਸਜ਼ਾ ਸੁਣਾਈ।ਉਨ੍ਹਾਂ ਦੇ ਖਿਲਾਫ ਸਾਰੇ ਦੋਸ਼ ਸਿੱਧ ਪਾਏ ਗਏ।ਅਦਾਲਤ ਜਿਸ ਸਮੇਂ ਆਪਣਾ ਫੈਸਲਾ ਸੁਣਾ ਰਹੀ ਸੀ ਉਸ ਸਮੇਂ ਸਲਮਾਨ ਦੀਆਂ ਅੱਖਾਂ ’ਚ ਹੰਝੂ ਸਨ ਤੇ ਉਹ ਚੁੱਪ-ਚਾਪ ਖੜੇ ਸਨ।ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਅਦਾਲਤ ’ਚ ਮੌਜੂਦ ਸੀ।ਕੋਰਟ ਦੇ ਫੈਸਲੇ ਤੋਂ ਬਾਅਦ ਸਲਮਾਨ ਨੂੰ ਅੱਜ ਹੀ ਜੇਲ੍ਹ ਭੇਜਿਆ ਜਾਣਾ ਸੀ ਪਰ ਮੁੰਬਈ ਹਾਈਕੋਰਟ ਤੋਂ 2 ਦਿਨ ਦੀ ਅੰਤਰਿਮ ਜ਼ਮਾਨਤ ਮਿਲ ਜਾਣ ਦੇ ਕਾਰਨ ਉਹ ਜੇਲ੍ਹ ਜਾਣ ਤੋਂ ਬਚ ਗਏ ਹਨ।

ਜ਼ਿਕਰਯੋਗ ਹੈ ਕਿ 28 ਸਤੰਬਰ 2002 ਦੀ ਰਾਤ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਸਲਮਾਨ ਖਾਨ ਦੀ ਲੈਂਡ ਕਰੂਜ਼ਰ ਕਾਰ ਨਾਲ ਹੋਈ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋਏ ਸਨ। ਦੁਰਘਟਨਾ ਦੇ ਇਸ ਮਾਮਲੇ ਵਿੱਚ ਅੱਜ ਮੁੰਬਈ ਦੀ ਸੈਸ਼ਨ ਕੋਰਟ ਨੇ ਸਲਮਾਨ ਖਾਨ ਨੂੰ ਆਈਪੀਸੀ ਦੀ ਧਾਰਾ 304 (2) ਸਮੇਤ ਕੁੱਲ 8 ਧਾਰਾਵਾਂ ਤਹਿਤ 5 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਨਗਦ ਜੁਰਮਾਨੇ ਦੀ ਸਜ਼ਾ ਸੁਣਾਈ ਪਰ ਸਲਮਾਨ ਦੇ ਪਰਿਵਾਰ ਅਤੇ ਉਸ ਦੇ ਵਕੀਲਾਂ ਦੀ ਮੁਸਤੈਦ ਟੀਮ ਨੇ 3 ਘੰਟੇ ਦੇ ਅੰਦਰ ਹੀ ਮੁੰਬਈ ਹਾਈਕੋਰਟ ਤੋਂ ਉਸ ਦੇ ਲਈ ਦੋ ਦਿਨ ਦੀ ਅੰਤਰਿਮ ਜ਼ਮਾਨਤ ਹਾਸਿਲ ਕਰਕੇ ਉਸ ਨੂੰ ਅੱਜ ਜੇਲ੍ਹ ਜਾਣ ਤੋਂ ਬਚਾ ਲਿਆ।
ਸਲਮਾਨ ਖਾਨ ਅੱਜ ਸਵੇਰੇ 9.47 ਵਿਖੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੇ ਬਾਂਦਰਾ ਸਥਿਤ ਘਰ ਗੈਲੈਕਸੀ ਅਪਾਰਟਮੈਂਟ ਤੋਂ ਸੈਸ਼ਨ ਕੋਰਟ ਦੇ ਲਈ ਨਿਕਲੇ ਸਨ। ਉਹ ਤਕਰੀਬਨ 10.45 ਵਜੇ ਅਦਾਲਤ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਦੋਨੋਂ ਭੈਣਾਂ ਅਰਪਿਤਾ ਅਤੇ ਅਲਵੀਰਾ ਅਤੇ ਦੋਨੋਂ ਭਰਾ ਸੁਹੇਲ ਖਾਨ ਅਤੇ ਅਰਬਾਜ ਖਾਨ ਵੀ ਮੌਜੂਦ ਸਨ। ਤਕਰੀਬਨ 11.15 ਵਜੇ ਸੈਸ਼ਨ ਕੋਰਟ ਦੇ ਜੱਜ ਡੀ.ਡਬਲਿਊ. ਦੇਸ਼ ਪਾਂਡੇ ਨੇ ਸਲਮਾਨ ਤੋਂ ਪੁੱਛਿਆ ਕਿ ਤੁਹਾਡੇ ਉੱਤੇ ਸਾਰੇ ਦੋਸ਼ ਸਾਬਿਤ ਹੋ ਰਹੇ ਹਨ। ਤੁਹਾਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕੀ ਇਸ ਸਬੰਧ ਵਿੱਚ ਤੁਸੀਂ ਕੁਝ ਕਹਿਣਾ ਹੈ। ਇਸ ਦੇ ਜਵਾਬ ਵਿੱਚ ਸਲਮਾਨ ਨੇ ਕਿਹਾ ਕਿ ਤੁਸੀਂ ਜੱਜ ਹੋ ਤੁਸੀਂ ਜੋ ਕਰੋਗੇ ਠੀਕ ਹੋਵੇਗਾ। ਸਲਮਾਨ ਦੇ ਇਸ ਜਵਾਬ ਦੇ ਬਾਅਦ ਜੱਜ ਨੇ ਸਜ਼ਾ ਦਾ ਹੁਕਮ ਸੁਣਾਇਆ। ਜਿਸ ਬਾਅਦ ਸਲਮਾਨ ਨੇ ਚੁੱਪ-ਚਾਪ ਸਿਰ ਝੁਕਾਅ ਲਿਆ।
ਸਜ਼ਾ ਸੁਣਾਏ ਜਾਣ ਦੇ ਬਾਅਦ ਸਲਮਾਨ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿੱਚ ਲਿਜਾਇਆ ਜਾਣਾ ਸੀ ਜਿਸ ਦੇ ਲਈ ਜੇਲ੍ਹ ਦੀ ਗੱਡੀ ਨੂੰ ਪਹਿਲਾਂ ਹੀ ਤਿਆਰ ਰੱਖਿਆ ਗਿਆ ਸੀ। ਪਰ ਪਹਿਲਾਂ ਤੋਂ ਘੜੀ ਰਣਨੀਤੀ ਦੇ ਤਹਿਤ ਸਲਮਾਨ ਦੇ ਵਕੀਲਾਂ ਨੇ ਸੈਸ਼ਨ ਕੋਰਟ ਦੇ ਨਜ਼ਦੀਕ ਹੀ ਪੈਂਦੇ ਮੁੰਬਈ ਹਾਈਕੋਰਟ ਵਿਖੇ ਦੁਪਹਿਰ 3.15 ਵਜੇ ਤੱਕ ਜ਼ਮਾਨਤ ਦੀ ਅਰਜ਼ੀ ਦਾਖਿਲ ਕਰ ਦਿੱਤੀ। ਕਿਉਂਕਿ ਹੇਠਲੀ ਅਦਾਲਤ ਤੋਂ ਉਨ੍ਹਾਂ ਨੂੰ ਸਜ਼ਾ ਦੇ ਫੈਸਲੇ ਦੀ ਪ੍ਰਮਾਣਿਤ ਕਾਪੀ ਹਾਸਿਲ ਨਹੀਂ ਹੋ ਸਕੀ ਸੀ, ਇਸ ਆਧਾਰ ਉੱਤੇ ਹਾਈਕੋਰਟ ਨੇ ਉਨ੍ਹਾਂ ਨੂੰ ਦੋ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। ਸਲਮਾਨ ਦੀ ਜ਼ਮਾਨਤ ਉੱਪਰ ਅਗਲੀ ਸੁਣਵਾਈ ਹਾਈਕੋਰਟ ਵਿੱਚ 8 ਮਈ ਨੂੰ ਹੋਵੇਗੀ।

Send this to a friend