April 26, 2026 2:18 am

ਕੈਪਟਨ ਅਮਰਿੰਦਰ ਸਿੰਘ ਉਪਰ ਖੇਤਰੀ ਪਾਰਟੀ ਬਣਾਉਣ ਲਈ ਦਬਾਅ ਵਧਿਆ

ਬਠਿੰਡਾ, 27 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਰਾਜਨੀਤਕ ਖੇਤਰ ਵਿੱਚ ਕਦੋਂ ਕੀ ਵਾਪਰ ਜਾਵੇ, ਸਹੀ ਮੰਨਿਆ ਜਾ ਸਕਦਾ ਹੈ। ਰਾਜਨੀਤੀ ਅੰਦਰ ਹੁੰਦੀ ਹਲਚਲ ਸਮੇਂ ਸਮੇਂ ਬਾਹਰ ਆਉਂਦੀ ਰਹਿੰਦੀ ਹੈ। ਕਈ ਵਾਰ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਜਾਂਦਾ ਹੈ, ਜੋ ਕੁੱਝ ਦਿਨਾਂ ਦੀ ਚਰਚਾ ਤੋਂ ਬਾਅਦ ਠੰਢਾ ਹੋ ਜਾਂਦਾ ਹੈ। ਪੰਜਾਬ ਦੇ ਰਾਜਸੀ ਗਲਿਆਰਿਆਂ ’ਚੋਂ ਉਠੀ ਨਵੀਂ ਖ਼ਬਰ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਤੇ ਹਮਦਰਦ, ਉਨ੍ਹਾਂ ਉਪਰ ਨਵੀਂ ਖੇਤਰੀ ਪਾਰਟੀ ਬਣਾਉਣ ਲਈ ਲਗਾਤਾਰ ਦਬਾਅ ਪਾ ਰਹੇ ਹਨ। ਜਾਣਕਾਰਾਂ ਅਨੁਸਾਰ ਅਜਿਹਾ ਦਬਾਅ ਬਣਾਉਣ ਵਾਲਿਆਂ ਨੇ ਉਨ੍ਹਾਂ ਨੂੰ ਨਵੀਂ ਬਣਨ ਵਾਲੀ ਪਾਰਟੀ ਦਾ ਨਾਮ ਤੱਕ ਵੀ ਸੁਝਾਅ ਦਿੱਤਾ ਹੈ, ਜੋ ਪੰਜਾਬ ਵਿਕਾਸ ਪਾਰਟੀ

ਜਾਂ ਪੰਜਾਬ ਵਿਕਾਸ ਕਾਂਗਰਸ ਪਾਰਟੀ ਵੀ ਹੋ ਸਕਦਾ ਹੈ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਜਾਂਦਾ ਹੈ ਕਿ ਅਜਿਹੀਆਂ ਸਲਾਹਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਤੇ ਉਹ ਆਪਣੇ ਸੁਭਾਅ ਅਨੁਸਾਰ ਅਜਿਹੀਆਂ ਸਲਾਹਾਂ ਦਾ ਮੁਸਕਰਾ ਕੇ ਸਵਾਗਤ ਕਰਦੇ ਆ ਰਹੇ ਹਨ, ਇਥੇ ਇਹ ਲਿਖਣਾ ਕੁੱਥਾਂ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਨ੍ਹੀਂ ਦਿਨੀ ਕੇਂਦਰੀ ਹਾਈਕਮਾਂਡ ਨਾਲ ਪਾਰਟੀ ਦੀ ਅਗਵਾਈ ਕਰਨ ਦੇ ਸਵਾਲ ’ਤੇ ਤਣਾਤਣੀ ਚਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ, ਸ਼੍ਰੀਮਤੀ ਸੋਨੀਆ ਗਾਂਧੀ ਨੂੰ ਹੀ ਪਾਰਟੀ ਦੀ ਕਮਾਂਡ ਦਿੱਤੇ ਜਾਣ ਦੇ ਹੱਕ ’ਚ ਹਨ ਤੇ ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਦੀ ਬਿਹਤਰੀ ਲਈ ਰਾਹੁਲ ਗਾਂਧੀ ਲਈ ਪਾਰਟੀ ਦੀ ਅਗਵਾਈ ਕਰਨ ਲਈ ਸਮਾਂ ਢੁਕਵਾਂ ਨਹੀਂ ਹੈ। ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਉਚ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਆ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਭੂਮੀ ਪ੍ਰਾਪਤੀ ਬਿੱਲ ਦੇ ਸਬੰਧ ਵਿਚ ਪਿਛਲੇ ਹਫ਼ਤੇ, ਜੋ ਦਿੱਲੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਗਿਆ ਸੀ, ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਵੇਂ ਸਟੇਜ ਉਪਰ ਮੌਜੂਦ ਸਨ, ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ ਗਿਆ। ਜਦਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ੍ਹ ਕੇ ਆਪਣੇ ਮਨ ਦੀ ਭੜਾਸ ਕੱਢੀ ਸੀ ਅਤੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਅਗਵਾਈ ਇਸ ਸਮੇਂ ਪਾਰਟੀ ਦੀ ਵੱਡੀ ਸਿਆਸੀ ਲੋੜ ਹੈ। ਸਮਝਿਆ ਜਾਂਦਾ ਹੈ ਕਿ ਰਾਹੁਲ ਹਮਾਇਤੀਆਂ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਰੇ ਵਜੋਂ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ। ਦਿੱਲੀ ਦੀ ਇਸ ਘਟਨਾ ਨੇ ਪਾਰਟੀ ਦੀ ਅਗਵਾਈ ਕਰਨ ਦੇ ਮੁੱਦੇ ’ਤੇ ਦੋ ਵੱਡੇ ਧੜਿਆਂ ’ਚ ਵੰਡੀ ਪੰਜਾਬ ਕਾਂਗਰਸ ਦੇ ਮੰਚ ਉਪਰ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ, ਜਿਸ ਦੇ ਸਿੱਟੇ ਵਜੋਂ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਕਾਂਗਰਸ ਦਾ ਖਹਿੜਾ ਛੱਡ ਕੇ ਆਪਣੀ ਵੱਖਰੀ ਖੇਤਰੀ ਪਾਰਟੀ ਬਣਾਉਣ ਦੀ ਸੁਰ ਅਲਾਪਣੀ ਸ਼ੁਰੂ ਕਰ ਦਿੱਤੀ ਹੈ। ਇਸਤੋਂ ਪਹਿਲਾਂ ਵੀ ਇਕ ਮੌਕੇ ਉਪਰ ਅਜਿਹੀ ਚਰਚਾ ਨੇ ਜ਼ੋਰ ਫੜ੍ਹਿਆ ਸੀ। ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਅੰਦਰ ਇਕ ਅਜਿਹੇ ਜ਼ਿੰਮੇਵਾਰ ਆਗੂ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਨਾਲ ਅਸਹਿਮਤ ਹੁੰਦੇ ਆ ਰਹੇ ਆਗੂ ਵੀ ਉਨ੍ਹਾਂ ਦੀ ਦਿਆਨਤਦਾਰੀ ਤੇ ਸਮਝਦਾਰੀ ਦੇ ਕਾਇਲ ਹਨ। ਭਾਵੇਂ ਉਨ੍ਹਾਂ ਉਪਰ ਆਮ ਲੋਕਾਂ ਨੂੰ ਘੱਟ ਮਿਲਣ ਦਾ ਦੋਸ਼ ਸਹਿਜੇ ਹੀ ਲਗਦਾ ਆ ਰਿਹਾ ਹੈ, ਪਰ ਪੰਜਾਬ ਤੇ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਪੰਜਾਬੀ ਉਨ੍ਹਾਂ ਦੀ ਕਾਰਜਸ਼ੈਲੀ ਦੇ ਕਦਰਦਾਨ ਹਨ। ਉਨ੍ਹਾਂ ਵੱਲੋਂ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਪਾਣੀਆਂ, ਹੱਕਾਂ-ਹਿਤਾਂ ਅਤੇ ਕਿਸਾਨੀ ਲਈ ਕੀਤੇ ਕੰਮਾਂ ਨੂੰ ਅਜੇ ਵੀ ਯਾਦ ਕੀਤਾ ਜਾਂਦਾ ਹੈ। ਜੇਕਰ ਉਹ ਆਪਣੇ ਸਲਾਹਕਾਰਾਂ ਦੀ ਅਜਿਹੀ ਸਲਾਹ ਮੰਨ ਕੇ ਭਵਿੱਖ ’ਚ ਕੋਈ ਖੇਤਰੀ ਪਾਰਟੀ ਖੜ੍ਹੀ ਕਰਦੇ ਹਨ ਤਾਂ ਇਹ ਸੌਦਾ ਪੰਜਾਬ ਕਾਂਗਰਸ ਲਈ ਮਹਿੰਗਾ ਸਾਬਤ ਹੋ ਸਕਦਾ ਹੈ, ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਅੰਦਰ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਬਨਣ ਨਾਲ ਤੀਜੇ ਬਦਲ ਦੀ ਭਾਲ ’ਚ ਭਟਕ ਰਹੇ ਪੰਜਾਬੀਆਂ ਲਈ ਇਕ ਸਾਂਝਾ ਮੰਚ ਤਿਆਰ ਹੋਣ ਦੇ ਆਸਾਰ ਬਣ ਸਕਦੇ ਹਨ।

Send this to a friend