June 18, 2026 8:28 am

ਪੁਲਿਸ ਵੱਲੋਂ ਲਾਵਾਰਿਸ ਦੱਸ ਕੇ ਸਸਕਾਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ

ਅੰਮ੍ਰਿਤਸਰ, 4 ਅਗਸਤ (ਨਰਿੰਦਰ ਪਾਲ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਮੱਲ੍ਹੀ)-ਪੁਲਿਸ ਚੌਕੀ ਸੁਲਤਾਨ ਵਿੰਡ ਦੇ ਇਕ ਏ.ਐਸ.ਆਈ. ਵੱਲੋਂ ਲਾਵਾਰਿਸ ਦਸ ਕੇ ਸਸਕਾਰ ਕਰ ਦਿੱਤੇ ਗਏ ਇਕ ਨੌਜਵਾਨ ਮਹਿੰਦਰ ਪਾਲ ਸਿੰਘ ਉਰਫ ਰੈਂਬੋ ਦੇ ਘਰ ਅੱਜ ਨੈਸ਼ਨਲ ਐਸ.ਸੀ.ਬੀ.ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ ਗਏ ਅਤੇ ਪਰਿਵਾਰ ਨੂੰ ਇਨਸਾਫ ਦਿਵਾਏ ਜਾਣ ਦਾ ਭਰੋਸਾ ਦਿਵਾਇਆ। ਡਾ. ਰਾਜ ਕੁਮਾਰ ਵੇਰਕਾ ਅੱਜ ਬਾਅਦ ਦੁਪਿਹਰ ਰੈਬੋਂ ਦੇ ਘਰ ਪੁਜੇ ਅਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਮ੍ਰਿਤਕ ਦੀ ਮਾਤਾ ਤੇ ਪਤਨੀ ਨੇ ਡਾ. ਰਾਜ ਕੁਮਾਰ ਨੂੰ ਦੱਸਿਆ ਕਿ ਰੈਂਬੋ ਤਾਂ ਵੀਰਵਾਰ ਹੀ ਪੁਲਿਸ ਚੌਕੀ ਸੁਲਤਾਨ ਵਿੰਡ ਦੇ ਕਬਜੇ ਵਿਚ ਸੀ ਜਿਥੇ ਉਸਨੂੰ ਰਾਤ ਭਰ ਬੇਤਹਾਸ਼ਾ ਮਾਰਿਆ ਕੁਟਿਆ ਗਿਆ ਜਿਸਦੇ ਚਲਦਿਆਂ ਉਸਦੀ ਮੌਤ ਹੋ ਗਈ । ਪਰਿਵਾਰ ਨੇ ਦੋਸ਼ ਲਾਇਆ ਕਿ ਮ੍ਰਿਤਕ ਦੀ ਲਾਸ਼ ਪੁਲਿਸ ਨੇ ਸਵੇਰੇ 7.30 ਦੇ ਕਰੀਬ ਇਕ ਖੰਭੇ ਲਾਗੇ ਸੁਟ ਦਿੱਤੀ ਗਈ ਜਿਥੋਂ ਬਾਅਦ ਵਿਚ ਇਕ ਆਟੋ ਵਿਚ ਪਾਕੇ ਸਸਕਾਰ ਲਈ ਲਿਜਾਈ ਗਈ । ਮਾਤਾ ਨੇ ਦੱਸਿਆ ਕਿ ਉਸਦੇ ਲੜਕੇ ਦਾ ਕਤਲ ਉਚ ਪੁਲਿਸ ਦੇ ਅਫਸਰਾਂ ਦੀ ਮਿਲੀ ਭੁਗਤ ਨਾਲ ਹੋਇਆ ਹੈ ,ਲਾਸ਼ ਲਾਵਾਰਿਸ ਕਹਿ ਸਸਕਾਰ ਕੀਤਾ ਗਿਆ ,ਆਖਰੀ ਰਸਮਾਂ ਲਈ ਅਸਥੀਆਂ ਵੀ ਨਹੀ ਦਿੱਤੀਆਂ ਗਈਆਂ।ਡਾ:ਰਾਜ ਕੁਮਾਰ ਨੇ ਪੁਲਿਸ ਦੀ ਇਸ ਹਰਕਤ ਨੂੰ ਬੇਹੂਦਾ ਕਰਾਰ ਦਿੰਦਿਆਂ ਪ੍ਰੀਵਾਰ ਨੂੰ ਇਨਸਾਫ ਦਿਵਾਉਣ ਦਾ ਯਕੀਨ ਦਿਵਾਇਆ । ਉਨ੍ਹਾਂ ਨੇ ਕਮਿਸ਼ਨਰ ਪੁਲਸ ਸ੍ਰੀ ਰਾਮ ਸਿੰਘ ਨਾਲ ਟੈਲੀਫੂਨ ਤੇ ਗਲ ਵੀ ਕੀਤੀ ,ਸਾਰੇ ਮਾਮਲੇ ਦੀ ਮੁਕੰਮਲ ਰਿਪੋਰਟ ਦੀ ਮੰਗ ਕਰਦਿਆਂ ਪ੍ਰੀਵਾਰ ਨੂੰ ਮ੍ਰਿਤਕ ਦੀਆਂ ਅਸਥੀਆਂ ਦੇਣ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।ਜਿਕਰਯੋਗ ਹੈ ਕਿ ਮਹਿੰਦਰ ਪਾਲ ਰੈਂਬੋ ਦੀ ਮੌਤ ਨੂੰ ਲੈਕੇ ਇਲਕਾ ਨਿਵਾਸੀਆਂ ਨੇ ਸੈਂਕੜਿਆਂ ਦੀ ਗਿਣਤੀ ਵਿਚ 2-3 ਅਗਸਤ ਦੀ ਰਾਤ ਪੁਲਿਸ ਚੌਕੀ ਸੁਲਤਾਨ ਵਿੰਡ ਦਾ ਘਿਰਾਉ ਕਰਦਿਆਂ ਜਬਰਦਸਤ ਨਾਅਰੇ ਬਾਜੀ ਕੀਤੀ ਸੀ ।ਪੁਲਿਸ ਦੀ ਅਣਗਹਿਲੀ ਤੋਂ ਖਫਾ ਹੋ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨ ਵਿੰਡ ,ਕੌਂਸਲਰ ਵਾਰਡ ਨੰਬਰ 30 ਦਲਬੀਰ  ਕੌਰ ਦੇ ਪਤੀ ਮੁਖਤਿਆਰ ਸਿੰਘ ਖਾਲਸਾ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਅਟਾਰੀ ਸਾਹਿਬ ਦੇ ਪ੍ਰਧਾਨ ਸ੍ਰ ਰਾਣਾ ਪਲਵਿੰਦਰ ਸਿੰਘ ,ਬੀ.ਸੀ. ਸੈੱਲ ਦੇ ਵਾਈਸ ਪ੍ਰਧਾਨ ਬਲਬੀਰ ਸਿੰਘ ਬੀਰਾ ਵੀ ਪਾਰਟੀ ਵਰਕਰਾਂ ਸਾਹਿਤ ਮੌਕੇ ਤੇ ਪੁਜੇ ਸਨ। ਹਾਲਾਤ ਦੀ ਨਾਜੁਕਤਾ ਨੂੰ ਸਮਝਦਿਆਂ ਐਡੀਸ਼ਨਲ ਡੀ.ਸੀ.ਪੀ.ਕਰਾਈਮ ਸ੍ਰ ਹਰਜੀਤ ਸਿੰਘ ਬਰਾੜ ,ਵੱਖ ਵੱਖ ਹਲਕਿਆਂ ਦੇ ਏ.ਸੀ.ਪੀ.ਅਤੇ ਥਾਣਾ ਮੁਖੀਆਂ ਸਾਹਿਤ ਭਾਰੀ ਪੁਲਸ ਫੋਰਸ ਨਾਲ ਮੌਕੇ ਤੇ ਪੁਜੇ ,ਕਥਿਤ ਦੋਸ਼ੀ ਏ.ਐਸ.ਆਈ. ਜਤਿੰਦਰ ਸਿੰਘ ,ਇਕ ਪੁਲਿਸ ਹੌਲਦਾਰ ਤੇ ਇਕ ਹੋਰ ਮੁਲਾਜਮ ਨੂੰ ਮੁਅਤਲ ਕਰਦਿਆਂ ਅਗਲੇਰੀ ਕਾਰਵਾਈ ਦਾ ਲਿਖਤੀ ਭਰੋਸਾ ਦਿਵਾਇਆ ਸੀ ਲੇਕਿਨ ਅੱਜ ਵੀ ਪ੍ਰੀਵਾਰ ਨੂੰ ਮ੍ਰਿਤਕ ਦੀਆਂ ਅਸਥੀਆਂ ਨਹੀ ਸਨ ਦਿੱਤੀਆਂ ਗਈਆਂ।

Send this to a friend