April 24, 2026 4:27 am

ਗੋਬਿੰਦ ਸਿੰਘ ਲੌਂਗੋਵਾਲ ਨੇ ਬਤੌਰ ਵਿਧਾਇਕ ਸਹੁੰ ਚੁੱਕੀ

ਚੰਡੀਗੜ੍ਹ, 17 ਅਪ੍ਰੈਲ (ਪੀ. ਟੀ.)- ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਹਲਕਾ ਧੂਰੀ ਦੀ ਉਪ ਚੋਣ ਵਿੱਚ 37,501 ਵੋਟਾਂ ਦੇ ਫਰਕ ਨਾਲ ਜਿੱਤ ਕੇ ਆਏ  ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਾਵਾਰ ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ  ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ  ਦੀ ਹਾਜ਼ਰੀ ਵਿਚ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਆਯੋਜਿਤ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਤੌਰ ਵਿਧਾਇਕ ਅਹੁਦੇ ਦੀ ਸਹੁੰ ਚੁਕਾਈ। ਇਸ ਸਮੇਂ ਡਾ. ਅਟਵਾਲ ਨੇ ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਵਿੱਚ ਹੁਣ 117 ਵਿਧਾਇਕਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 59, ਕਾਂਗਰਸ ਦੇ 43, ਭਾਜਪਾ ਦੇ 12 ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ  ਤਿੰਨ ਹੋ ਗਈ ਹੈ। ਆਪਣੇ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣ ਉਪਰੰਤ ਸ. ਲੌਂਗੋਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ

ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਧੂਰੀ ਹਲਕੇ ਦੇ ਵਿਕਾਸ ਦੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨੇਪਰੇ ਚਾੜ੍ਹਨਗੇ ਅਤੇ ਧੂਰੀ ਹਲਕੇ ਦੇ ਲੋਕਾਂ ਦੀਆਂ ਆਸ਼ਾਵਾਂ ’ਤੇ ਖਰਾ ਉਤਰਨਗੇ। ਆਪਣੀ ਇਸ ਜਿੱਤ ਲਈ ਉਨ੍ਹਾਂ ਜਿਥੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਧੂਰੀ ਹਲਕੇ ਦੇ ਸਮੂਹ ਪਾਰਟੀ ਵਰਕਰਾਂ ਅਤੇ ਰਾਜ ਦੇ ਸਮੂਹ ਨੇਤਾਵਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ 34 ਸਾਲਾਂ ਦੇ ਅਰਸੇ ਪਿਛੋਂ ਧੂਰੀ ਹਲਕੇ ਵਿਚ ਨੁਮਾਇੰਦਗੀ ਹਾਸਲ ਹੋਈ ਹੈ। ਇਸ ਮੌਕੇ ’ਤੇ ਸ. ਲੌਂਗੋਵਾਲ ਦੀ ਧਰਮਪਤਨੀ ਅਮਰਪਾਲ ਕੌਰ ਅਤੇ ਸਪੁੱਤਰੀ ਗੁਰਮਨ ਕੌਰ ਸਮੇਤ  ਦੋਸਤ, ਰਿਸ਼ਤੇਦਾਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Send this to a friend