ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਾਲ 2015-16 ਦੇ ਬਜਟ ਨੂੰ ਸੰਤੁਲਤ, ਵਿਕਾਸ ਮੁਖੀ ਤੇ ਲੋਕ ਪੱਖੀ ਦੱਸਿਆ ਹੈ।ਬਜਟ ਨੂੰ ਵਿਆਪਕ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਵਚਨਬੱਧਤਾ ਦੀ ਲਗਾਤਾਰਤਾ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਸਾਲ 2015-16 ਦੇ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਣ ਤੋਂ ਇਲਾਵਾ ਸੂਬੇ ਦੇ ਵਿਕਾਸ ਨੂੰ ਗਤੀ ਦਿੱਤੀ ਗਈ ਹੈ।ਅੱਜ ਇਥੇ ਜਾਰੀ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਵਧੀਆ ਭਵਿੱਖੀ ਨਕਸ਼ਾ ਦਿਖਾਇਆ ਗਿਆ ਹੈ ਜਿਸ ਦੇ ਅਨੁਸਾਰ ਸੂਬੇ ਨੂੰ ਉੱਚ ਵਿਕਾਸ ਦਰ ਵੱਲ ਨੂੰ ਲਿਜਾਇਆ ਗਿਆ ਹੈ। ਉਨ੍ਹਾਂ ਨੇ ਕੋਈ ਨਵਾਂ ਟੈਕਸ ਨਾ ਲਾ ਕੇ ਪੰਜਾਬ ਦੇ ਲੋਕਾਂ ਉਪਰ
ਬੋਝ ਨਾ ਪਾਉਣ ਦੀ ਵਿੱਤ ਮੰਤਰੀ ਦੀ ਸੋਚ ਦੀ ਸਰਾਹਨਾ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਇਸ ਬਜਟ ਵਿਚ ਖੇਤੀਬਾੜੀ ਤੇ ਉਦਯੋਗ ਵਿਚ ਇਕ ਬਹੁਤ ਵਧੀਆ ਸੰਤੁਲਨ ਬਣਾਇਆ ਗਿਆ ਹੈ। ਖੇਤੀ ਸੈਕਟਰ ਲਈ 3512 ਕਰੋੜ ਰੁਪਏ ਰੱਖੇ ਗਏ ਹਨ ਜਦਕਿ ਬਜਟ ਨਾਲ ਸਨਅਤੀ ਸੈਕਟਰ ਵਿਚ ਛੋਟੇ ਉਦਮੀਆਂ ਦੇ ਲਈ ਨਵੇਂ ਉਦਮ ਵਿਕਸਤ ਕਰਨ ਲਈ ਪ੍ਰੋਗਰਾਮ ਨੂੰ ਉਤਸ਼ਾਹਤ ਮਿਲੇਗਾ।
ਮੁੱਖ ਮੰਤਰੀ ਨੇ ਦਿਹਾਤੀ ਵਿਕਾਸ ਲਈ ਸ. ਢੀਂਡਸਾ ਵਲੋਂ ਅਖਤਿਆਰ ਕੀਤੀ ਪਹੁੰਚ ਦੀ ਪ੍ਰਸੰਸਾ ਕੀਤੀ ਜਿਸ ਵਿਚ ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ ਜਾਂ ਮੁੱਖ ਮੰਤਰੀ ਵਿਆਪਕ ਦਿਹਾਤੀ ਵਿਕਾਸ ਸਕੀਮ ਨੂੰ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਲਈ 6000 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਵਿਚ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚਾ, ਸਮਾਜਿਕ ਸੁਰੱਖਿਆ, ਜਲ ਸਪਲਾਈ ਅਤੇ ਸੈਨੀਟੇਸ਼ਨ, ਬਾਗਬਾਨੀ ਅਤੇ ਹੋਰ ਅਹਿਮ ਸੈਕਟਰਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਖੁਦਕੁਸ਼ੀਆਂ ਕਰਨ ਵਾਲੇ ਕਰਜ਼ੇ ਵਿਚ ਫਸੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਪ੍ਰਸਤਾਵ ’ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਨਾਲ ਪੀੜਤਾਂ ਦੀ ਸਮੱਸਿਆ ਕੁਝ ਘੱਟ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਮਹਿਲਾਵਾਂ ਲਈ 2000 ਹੁਨਰ ਸਿਖਲਾਈ ਕੇਂਦਰ ਸਥਾਪਤ ਕਰਨ ਦਾ ਫੈਸਲਾ ਔਰਤਾਂ ਦਾ ਸਸ਼ਕਤੀਕਰਨ ਕਰਨ ਵੱਲ ਨੂੰ ਚੁੱਕਿਆ ਗਿਆ ਇਕ ਸਾਰਥਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਿਹਾਤੀ ਔਰਤਾਂ ਵਿਚ ਸਵੈ-ਰੁਜ਼ਗਾਰ ਤੇ ਰੁਜ਼ਗਾਰ ਨੂੰ ਉਤਸ਼ਾਹਤ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਲੜਕੀਆਂ ਲਈ ਅਜਿਹੇ 500 ਸਿਖਲਾਈ ਕੇਂਦਰ ਸਥਾਪਤ ਕਰਨ ਦਾ ਵੀ ਸਵਾਗਤ ਕੀਤਾ ਜੋ ਰੁਜ਼ਗਾਰ ਲਈ ਨਵੇਂ ਮੌਕੇ ਖੋਲ੍ਹਣਗੇ। ਇਨ੍ਹਾਂ ਉਤੇ 200 ਕਰੋੜ ਰੁਪਏ ਖਰਚੇ ਜਾਣਗੇ।