April 19, 2026 5:20 pm

ਬਠਿੰਡੇ ਦਾ ਖੇਤਰੀ ਸਾਰਸ ਮੇਲਾ ਸਿਖਰ ਵੱਲ, ਅੱਜ ਹੋਵੇਗਾ ਸਮਾਪਤੀ ਸਮਾਰੋਹ

Page-1_22 ਬਠਿੰਡਾ, 17 ਮਾਰਚ (ਗੁਰਤੇਜ ਸਿੰਘ ਸਿੱਧੂ/ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਦਮ ਸਦਕਾ ਬਠਿੰਡਾ ਦੇ ਰੋਜ਼ ਗਾਰਡਨ ਪਲਾਜ਼ਾ ਵਿਖੇ 7 ਮਾਰਚ ਤੋਂ ਸ਼ੁਰੂ ਹੋਇਆ ਖੇਤਰੀ ਸਾਰਸ ਮੇਲਾ ਅੱਜ 11ਵੇਂ ਦਿਨ ਵਿਚ ਪਹੁੰਚ ਚੁੱਕਾ ਹੈ ਅਤੇ 18 ਮਾਰਚ ਨੂੰ ਇਸ ਮੇਲੇ ਦੀ ਸ਼ਾਨਦਾਰ ਸਮਾਰੋਹ ਦੌਰਾਨ ਸਮਾਪਤੀ ਹੋਵੇਗੀ। ਸਮਾਪਤੀ ਸਮਾਰੋਹ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਸ੍ਰ. ਸਿਕੰਦਰ ਸਿੰਘ ਮਲੂਕਾ ਸ਼ਾਮ 5 ਵਜੇ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਦੇ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ (ਆਈ.ਏ.ਐਸ) ਸ਼੍ਰੀ ਜੀ.ਐਸ. ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਮੇਲੇ ਦਾ ਦੌਰਾ ਕੀਤਾ ਅਤੇ ਆਪਣੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ

ਆਪਣੀ ਡਿਊਟੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਈ ਹੈ, ਜਿਸਦਾ ਸਬੂਤ ਮੇਲੇ ਦੀ ਕਾਮਯਾਬੀ ਤੋਂ ਮਿਲਦਾ ਹੈ। ਜ਼ਿਕਰਯੋਗ ਹੈ ਕਿ ਖੇਤਰੀ ਸਾਰਸ ਮੇਲੇ ਦਾ ਫੰਡ ਜੇ.ਡੀ.ਸੀ. ਵਲੋਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਟੀਮ ਨੂੰ ਕਿਸੇ ਵੀ ਤਰ੍ਹਾਂ ਦੇ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਤਰੀ ਸਾਰਸ ਮੇਲਾ ਸਿਖਰ ਵੱਲ ਪੁੱਜ ਚੁੱਕਾ ਹੈ ਅਤੇ ਮੇਲੇ ਦੇ 11ਵੇਂ ਦਿਨ ਤੱਕ ਬਠਿੰਡਾ ਜ਼ਿਲ੍ਹੇ ਸਮੇਤ ਵੱਖ-ਵੱਖ ਜ਼ਿਲ੍ਹਿਆਂ ਅਤੇ ਐਨ.ਆਰ.ਆਈਜ਼ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਕੇ ਇਸ ਨੂੰ ਕਾਮਯਾਬ ਬਣਾਇਆ ਹੈ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਮੇਲਾ ਸਮਾਪਤ ਹੋ ਰਿਹਾ ਹੈ ਅਤੇ ਸਮਾਪਤੀ ਸਮਾਰੋਹ ਮੌਕੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਸ੍ਰ. ਸਿੰਕਦਰ ਸਿੰਘ ਮਲੂਕਾ ਸ਼ਾਮ 5 ਵਜੇ ਪਹੁੰਚ ਰਹੇ ਹਨ। ਉਧਰ ਅੱਜ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਪ੍ਰੋਗਰਾਮ ਅਫ਼ਸਰ ਸ਼੍ਰੀ ਰਵਿੰਦਰ ਸ਼ਰਮਾ ਦੀ ਅਗਵਾਈ ਵਿਚ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵਲੋਂ ਆਪਣੇ-ਆਪਣੇ ਰਾਜ ਦੇ ਪ੍ਰਸਿੱਧ ਲੋਕ ਨਾਚਾਂ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਜਾਦੂਗਰ ਦਾ ਜਾਦੂ ਅਤੇ ਬਹਿਰੂਪੀਏ ਵੀ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦੌਰਾਨ ਅੱਜ ਆਈ.ਜੀ.ਪੀ. ਸ਼੍ਰੀ ਪਰਮਰਾਜ ਸਿੰਘ ਉਮਰਾਨੰਗਲ, ਆਈ.ਜੀ. ਇੰਟੈਲੀਜੈਂਸ ਸ਼੍ਰੀ ਜਤਿੰਦਰ ਜੈਨ, ਡੀ.ਆਈ.ਜੀ ਸ਼੍ਰੀ ਮੋਹਨੀਸ਼ ਚਾਵਲਾ, ਐਸ.ਐਸ.ਪੀ ਬਠਿੰਡਾ ਸ਼੍ਰੀ ਇੰਦਰ ਮੋਹਨ ਸਿੰਘ ਭੱਟੀ, ਐਸ.ਐਸ.ਪੀ. ਫਰੀਦਕੋਟ ਸ਼੍ਰੀ ਚਰਨਜੀਤ ਸਿੰਘ ਸ਼ਰਮਾ, ਐਸ.ਪੀ ਬਠਿੰਡਾ ਸ਼੍ਰੀ ਦੇਸ ਰਾਜ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮਰਹੂਮ ਮੁਬਾਰਕ ਅਲੀ ਦੀ ਵਿਧਵਾ ਸੈਮਸਮ ਨੂੰ ਕਲਕੱਤਾ ਵਿਖੇ ਸਾਢੇ 4 ਲੱਖ ਰੁਪਏ ਉਨ੍ਹਾਂ ਦੇ ਸੂਟਾਂ ਦੀ ਵਿਕਰੀ ਕਰਵਾਕੇ ਭੇਜ ਦਿੱਤੇ ਗਏ ਹਨ।

Send this to a friend