ਮਾਰਚ ਵਿੱਚ ਖੱਬੇ ਪਾਰਟੀਆਂ ਦੇ ਨਾਲ ਲੱਗਭਗ ਸਮੁੱਚੀ ਆਪੋਜੀਸ਼ਨ ਸ਼ਾਮਿਲ
ਨਵੀਂ ਦਿੱਲੀ, 17 ਮਾਰਚ (ਪੀ. ਟੀ. ਲਾਇਵ)- ਆਪੋਜੀਸ਼ਨ ਨੇ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੋਧ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ। ਮੰਗਲਵਾਰ ਸ਼ਾਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ 11 ਸਿਆਸੀ ਪਾਰਟੀਆਂ ਨੇ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੀਤਾ ਅਤੇ ਮੋਦੀ ਸਰਕਾਰ ਦੇ ਵਿਰੁੱਧ ਡਟ ਕੇ ਨਾਅਰੇਬਾਜ਼ੀ ਕੀਤੀ। ਮਾਰਚ ਬਾਅਦ ਇੱਕਜੁੱਟ ਆਪੋਜੀਸ਼ਨ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੁੱਧ ਮੰਗ ਪੱਤਰ ਸੌਂਪਿਆ।ਮਾਰਚ ਵਿੱਚ ਕਾਂਗਰਸ ਤੋਂ ਇਲਾਵਾ ਸੀਪੀਆਈ, ਸੀਪੀਆਈ (ਐਮ), ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਜਨਤਾ ਦਲ (ਯੂ), ਰਾਸ਼ਟਰੀ
ਜਨਤਾ ਦਲ ਅਤੇ ਡੀਐਮਕੇ ਨੇ ਹਿੱਸਾ ਲਿਆ। ਬਸਪਾ ਇਸ ਮਾਰਚ ਵਿੱਚ ਸ਼ਾਮਿਲ ਨਹੀਂ ਹੋਈ। ਮਾਰਚ ਵਿੱਚ ਸ਼ਾਮਿਲ ਪ੍ਰਮੁੱਖ ਆਗੂਆਂ ਵਿੱਚ ਕਾਂਗਰਸ ਦੇ ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਜਨਤਾ ਦਲ (ਸੈਕੂਲਰ) ਦੇ ਮੁਖੀ ਐਚ.ਡੀ. ਦੇਵਗੋੜਾ, ਖੱਬੇਪੱਖੀ ਆਗੂ ਸੀਤਾ ਰਾਮ ਯੇਚੁਰੀ, ਡੀ ਰਾਜਾ, ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਡੀਐਮਕੇ ਦੀ ਆਗੂ ਕਨੀਮੋਈ, ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਦੁਸ਼ਯੰਤ ਚੋਟਾਲਾ ਦੇ ਨਾਂਅ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜ਼ਮੀਨ ਪ੍ਰਾਪਤੀ ਬਿੱਲ ਦੇ ਵਿੱਚ ਕੁਝ ਸੋਧਾਂ ਕੀਤੀਆਂ ਹਨ, ਆਪੋਜੀਸ਼ਨ ਸੰਸਦ ਵਿੱਚ ਜਿਸ ਦਾ ਸਖਤ ਵਿਰੋਧ ਕਰ ਰਹੀ ਹੈ। ਇਸ ਮਾਰਚ ਵਿੱਚ 100 ਤੋਂ ਵੀ ਵਧ ਸੰਸਦ ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਦੇ ਹੱਥਾਂ ਵਿੱਚ ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੁੱਧ ਤਖਤੀਆਂ ਫੜੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਮਾਰਚ ਦੀ ਆਗਿਆ ਦੇਣ ਤੋਂ ਮਨਾ ਕਰ ੱਿਤਾ ਸੀ।