ਮੈਰੀਲੈਂਡ, 17 ਮਾਰਚ (ਡਾ. ਗਿੱਲ)- ਸਿੱਖ ਆਪਣੀ ਪਹਿਚਾਣ ਖੁਦ ਬਣਾ ਰਹੇ ਹਨ ਅਤੇ ਸਾਬਤ ਸੂਰਤ ਰਾਹੀਂ ਆਪਣੇ ਧਰਮ ਅਤੇ ਸਿੱਖੀ ਦੀ ਪ੍ਰਪਕਤਾ ਨੂੰ ਮਜ਼ਬੂਤੀ ਨਾਲ ਵਿਸਤ੍ਰਤ ਕਰ ਰਹੇ ਹਨ, ਇਸ ਦੀ ਜਿਊਂਦੀ ਜਾਗਦੀ ਉਦਾਹਰਣ ਜਸਪ੍ਰੀਤ ਸਿੰਘ ਕੌਂਸਲਮੈਨ ਬ੍ਰੈਂਪਟਨ ਅੰਟਾਰੀਓ, ਕੈਨੇਡਾ ਨੇ ਅੱਜ ਗੁਰੂ ਘਰ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ ਨਤਮਸਤਕ ਹੋਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਜੋ ਕਿ ਕਾਬਲੇ ਤਾਰੀਫ ਹੀ ਨਹੀਂ ਸਗੋਂ ਨੌਜਵਾਨ ਪੀੜ੍ਹੀ ਲਈ ਨਸੀਹਤ ਵੀ ਹੈ।ਕੌਂਸਲਮੈਨ ਸ. ਗੁਰਪ੍ਰੀਤ ਸਿੰਘ ਅੰਮ੍ਰਿਤਧਾਰੀ ਨੇ ਦਸਿਆ ਕਿ ਉਹ ਆਈ ਟੀ ਬਿਜਨਸਮੈਨ ਸਨ ਅਤੇ ਉਨ੍ਹਾਂ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੀ ਸਿੱਖੀ ਪਹਿਚਾਣ ਅਤੇ ਵਿਰਸੇ ਨਾਲ ਜੋੜ ਕੇ
ਏਨਾ ਮਜ਼ਬੂਤ ਕਰ ਦਿੱਤਾ ਜਿਸ ਸਦਕਾ ਸਥਾਨਕ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਜਿਸ ਕਾਰਣ ਉਹ ਅੱਜ ਕੌਂਸਲਮੈਨ ਵਜੋਂ ਜਿੱਤ ਕੇ ਸਥਾਨਕ ਇਲਾਕੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰਜ ਮੁਸ਼ਕਲ ਨਹੀਂ ਹੈ ਜੇਕਰ ਗੁਰੂ ਦਾ ਓਟ ਆਸਰਾ ਲੈ ਕੇ ਦ੍ਰਿੜ ਇਰਾਦੇ ਨਾਲ ਕੀਤਾ ਜਾਵੇ। ਇਸ ਨੂੰ ਕਰਨ ਦੇ ਸਮਰੱਥ ਮੈਨੂੰ ਗੁਰੂ ਨੇ ਬਣਾਇਆ ਹੈ। ਜਿਸ ਦੇ ਆਸਰੇ ਮੈਂ ਅੱਜ ਤੁਹਾਡੇ ਸਾਹਮਣੇ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਕੁਰੱਪਸ਼ਨ, ਨਸ਼ਾ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨਾ ਅਤੇ ਸਿੱਖੀ ਨੂੰ ਪਰਪੱਕ ਕਰਕੇ ਪਹਿਚਾਣ ਵਿੱਚ ਵਾਧਾ ਕਰਨਾ ਮੇਰਾ ਮੁੱਖ ਮਨੋਰਥ ਹੈ। ਜਿਸ ਸਦਕਾ ਮੈਨੂੰ ਪਾਰਲੀਮੈਂਟ ਦਾ ਅਗਲੀ ਚੋਣ ਲੜਨ ਲਈ ਉਮੀਦਵਾਰ ਥਾਪਿਆ ਜਾ ਰਿਹਾ ਹੈ। ਮੈਂ ਗੁਰੂ ਪ੍ਰਤੀ ਪਾਬੰਦ ਹੋ ਕੇ ਇਸ ਨੂੰ ਸਰ ਕਰਾਂਗਾ, ਜਿਸ ਲਈ ਯੂਥ ਨੇਤਾ ਮੇਰਾ ਸਾਥ ਦੇ ਰਹੇ ਹਨ। ਅੱਜ ਸਿੱਖ ਐਸੋਸੀਏਸ਼ਨ ਗੁਰੂ ਘਰ ਬਾਲਟੀਮੋਰ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਅਤੇ ਸਤਿਕਾਰ ਬਖਸ਼ਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਦੇ ਨਾਲ ਖੜਾ ਹੈ ਅਤੇ ਹਰੇਕ ਪਲੇਟਫਾਰਮ ’ਤੇ ਇਨ੍ਹਾਂ ਦੀ ਮਦਦ ਕਰੇਗਾ। ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖ ਨੌਜਵਾਨ ਅੱਗੇ ਆ ਕੇ ਵਾਗਡੋਰ ਸੰਭਾਲ ਰਹੇ ਹਨ ਜਿਸ ਵਿੱਚ ਗੁਰਪ੍ਰੀਤ ਮੋਹਰੀ ਹੈ। ਇਸ ਮੌਕੇ ਕੇਕੇ ਸਿੱਧੂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੀ ਬੇਹਤਰੀ ਲਈ ਸਾਬਤ ਸੂਰਤ ਨੌਜਵਾਨਾਂ ਨੂੰ ਨਿਵਾਜਦੇ ਹਾਂ ਅਤੇ ਅਕਾਲੀ ਦਲ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।
ਹੈ¤ਡ ਗ੍ਰੰਥੀ ਭਾਈ ਮੰਗਲ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਬ੍ਰੈਂਪਟਨ ਅਤੇ ਹਰਜੀਤ ਸਿੰਘ ਹੁੰਦਲ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਮੈਟਰੋਪੁਲਿਟਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ, ਹਰੀਰਾਜ ਸਿੰਘ ਪ੍ਰਧਾਨ, ਡਾ. ਸੁਖਪਾਲ ਸਿੰਘ ਧਨੋਆ, ਸੁਖਵਿੰਦਰ ਸਿੰਘ ਸੋਮਾ, ਬੀਬੀ ਰਮਿੰਦਰਜੀਤ ਕੌਰ, ਜੀਤ ਸਿੰਘ, ਛੱਬੀ ਢਿੱਲੋਂ, ਮਾਸਟਰ ਪਰਮਪਾਲ ਸਿੰਘ ਸਾਬਕਾ ਪ੍ਰਧਾਨ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਕੌਂਸਲਮੈਨ ਦੀਆਂ ਕਾਰਗੁਜ਼ਾਰੀਆਂ ਦੀ ਤਾਰੀਫ ਕੀਤੀ ਅਤੇ ਨੌਜਵਾਨਾਂ ਵਿੱਚ ਨਵੀਂ ਰੂਹ ਪ੍ਰਵੇਸ਼ ਕਰਨ ਲਈ ਯੋਗਦਾਨ ਪਾਇਆ।
ਸਮੁੱਚੇ ਤੌਰ ’ਤੇ ਇਹ ਸਮਾਗਮ ਇੱਕ ਮੀਲ ਪੱਥਰ ਸਾਬਿਤ ਹੋਇਆ ਜਿਸ ਨੇ ਨੌਜਵਾਨਾਂ ਨੂੰ ਅੱਗੇ ਆਉਣ ਲਈ ਜਾਗਰੂਕ ਕੀਤਾ ਅਤੇ ਭਵਿੱਖ ਦੇ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕਰਨ ਦੀ ਜਾਗ ਲਾਈ। ਸਮੂਹ ਸੰਗਤਾਂ ਨੇ ਗੁਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ ਅਤੇ ਹਰਜੀਤ ਸਿੰਘ ਹੁੰਦਲ ਸ਼੍ਰੋਮਣੀ ਅਕਾਲੀ ਦਲ ਨੇਤਾ ਦੀ ਹਮਾਇਤ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਕੰਮ ਹੀ ਉਨ੍ਹਾਂ ਦੀ ਸ਼ਾਨ ਹਨ ਜਿਸ ਦਾ ਪ੍ਰਗਟਾਵਾ ਅੱਜ ਸੰਗਤਾਂ ਦੇ ਸਾਹਮਣੇ ਹੋਇਆ ਹੈ, ਜਿਸ ਨਾਲ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਹੈ।