ਡੇਰਾਬੱਸੀ, 13 ਮਾਰਚ (ਵਿਨੈ ਕੁਮਾਰ ਜੈਨ/ਆਰ ਐਮ ਚਤੁਰਵੇਦੀ)- ਕਈ ਸਾਲਾਂ ਤੋਂ ਗਲੀ ਦੇ ਨਿਰਮਾਣ ਲਈ ਸਥਾਨਕ ਲੋਕਾਂ ਦੀ ਜੱਦੋ ਜਹਿਦ ਕਰਨ ਤੋਂ ਬਾਅਦ ਬਣੀ ਗਲੀ ਡੇਢ ਮਹੀਨੇ ਬਾਅਦ ਹੀ ਮਿੱਟੀ ਦੇ ਮਲਬੇ ਵਿੱਚ ਮਿਲ ਗਈ। ਡੇਰਾਬੱਸੀ ਰੇਲਵੇ ਫਾਟਕ ਤੋਂ ਪਾਰ ਅਮਰਦੀਪ ਕਲੋਨੀ ਦੀ ਗਲੀ ਨੰਬਰ 3 ਪਹਿਲੀ ਵਾਰ ਪਈ ਭਰਵੀਂ ਬਾਰਸ਼ ਨਾਲ ਹੀ ਬੈਠ ਗਈ। ਇਸ ਦੇ ਟੁੱਟਣ ਨਾਲ ਗਲੀ ਦੇ ਵਸਨੀਕਾਂ ਦੀ ਪਰੇਸ਼ਾਨੀ ਵੱਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਨੇ ਗਲੀ ਦਾ ਨਿਰਮਾਣ ਘਟੀਆ ਸਮੱਗਰੀ ਨਾਲ ਕੀਤਾ ਹੈ। ਵਾਰਡ ਨੰਬਰ 16 ਦੇ ਤਹਿਤ ਕਲੋਨੀ ਦੇ ਸੁਰੇਸ਼ ਪ੍ਰਕਾਸ਼, ਰਾਕੇਸ਼, ਕਾਲਾ, ਸੀਤਾ ਰਾਣੀ, ਸਮੇਤ ਲੋਕਾਂ ਨੇ ਦੱਸਿਆ ਕਿ ਗਲੀ ਨੰ. 3 ’ਚ ਮਿੱਟੀ ਪਾ ਕੇ ਉਸ ’ਚ ਇੰਟਰਲਾਕ ਟਾਇਲਾਂ ਲਾਈਆਂ ਗਈਆਂ ਸਨ ਅਤੇ ਨਾਲ ਹੀ ਪਾਣੀ ਦੀ ਅੰਡਰਗਰਾਊਂਡ ਨਿਕਾਸੀ ਦੇ ਲਈ ਗਟਰ ਅਤੇ ਪਾਈਪ ਲਾਇਨ ਵਿਛਾਈ ਗਈ ਸੀ। ਇਸ ਹਫਤੇ ਪਈ ਬਾਰਸ਼ ਦੌਰਾਨ ਪਾਣੀ ਗਲੀ ’ਚ ਲੀਕ ਕਰਦਾ ਰਿਹਾ, ਜਿਸ ਕਾਰਨ ਮਿੱਟੀ ਨੂੰ ਸਪੋਰਟ ਕਰਨ ਵਾਲੀ ਬਾਹਰੀ ਦੀਵਾਰ ਢਹਿ ਗਈ ਅਤੇ ਗਲੀ ਆਪਣੀ ਜਗ੍ਹਾ ਤੋਂ ਬੈਠ ਗਈ।