ਚੰਡੀਗੜ੍ਹ, 9 ਮਾਰਚ (ਪੀ. ਟੀ.)- ਪੰਜਾਬ ਸਕੂਲ ਸਿੱਖਿਆ ਵੱਲੋਂ ਲਈ ਜਾ ਰਹੇ ਦਸਵੀਂ ਤੇ ਬਾਰ੍ਹਵੀਂ ਦੇ ਸਾਲਾਨਾ ਇਮਤਿਹਾਨਾਂ ਦੀ ਚੈਕਿੰਗ ਦੌਰਾਨ ਵਧੇਰੇ ਪਾਰਦਰਸ਼ਤਾ ਲਿਆਉਣ ਤੇ ਬਿਹਤਰ ਮੁਲਾਂਕਣ ਲਈ ਇਸ ਵਾਰ ਟੇਬਲ ਮਾਰਕਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਦਸਵੀਂ ਤੇ ਬਾਰ੍ਹਵੀਂ ਦੇ ਕੁੱਲ 7,25,094 ਪ੍ਰੀਖਿਆਰਥੀਆਂ ਦੇ ਇਮਤਿਹਾਨਾਂ ਦੀ ਟੇਬਲ ਮਾਰਕਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਡਾ.ਚੀਮਾ ਨੇ ਕਿਹਾ ਕਿ ਇਮਤਿਹਾਨਾਂ ਦੀ ਚੈਕਿੰਗ ਦੌਰਾਨ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਵਾਰ ਟੇਬਲ ਮਾਰਕਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਬਿਹਤਰ ਮੁਲਾਂਕਣ ਹੋ ਸਕੇਗਾ ਉਥੇ ਨਤੀਜੇ ਵੀ ਪਹਿਲਾਂ ਨਾਲੋਂ ਜਲਦੀ ਐਲਾਨੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਨਤੀਜਿਆਂ ਤੋਂ ਬਾਅਦ
ਪ੍ਰੀਖਿਆਰਥੀਆਂ ਵੱਲੋਂ ਕਰਵਾਏ ਜਾਂਦੇ ਮੁੜ ਮੁਲਾਂਕਣ ਦਾ ਕੰਮ ਵੀ ਘਟੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੁੱਲ 7,25,094 ਪ੍ਰੀਖਿਆਰਥੀਆਂ ਵਿਚੋਂ 3,79,718 ਪ੍ਰੀਖਿਆਰਥੀ ਦਸਵੀਂ ਦੇ ਇਮਤਿਹਾਨ ਅਤੇ 3,45,376 ਪ੍ਰੀਖਿਆਰਥੀ ਬਾਰ੍ਹਵੀਂ ਦੇ ਇਮਤਿਹਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਟੇਬਲ ਮਾਰਕਿੰਗ ਜ਼ਿਲਾ ਪੱਧਰ ’ਤੇ ਬਣਾਏ ਜਾਣ ਵਾਲੇ ਚੈਕਿੰਗ ਕੇਂਦਰਾਂ ਉਤੇ ਹੋਵੇਗੀ ਜਿੱਥੇ ਇਕ ਤੋਂ ਵੱਧ ਕਈ ਅਧਿਆਪਕ ਇਕੱਠੇ ਇਮਤਿਹਾਨਾਂ ਦੀ ਚੈਕਿੰਗ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਆਰੀ ਤੇ ਨਕਲ ਰਹਿਤ ਸਿੱਖਿਆ ਪ੍ਰਦਾਨ ਕਰਨ ਦੇ ਲਏ ਅਹਿਦ ਤਹਿਤ ਪਹਿਲੀ ਵਾਰ ਇਹ ਨਿਵੇਕਲਾ ਫੈਸਲਾ ਲਿਆ ਗਿਆ ਹੈ।