ਮਹਿਲ ਕਲਾਂ, 3 ਅਗਸਤ (ਹਰਜਿੰਦਰ ਸਿੰਘ ਪੱਪੂ)-ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਟਰਾਈਡੈਂਟ ਗਰੁੱਪ ਦੇ ਨਾਮ ਹੇਠ ਚੱਲ ਰਹੀ ਫੈਕਟਰੀ ਜਿਸ ਦੀ ਦੂਸਿਤ ਗੈਸ ਨਾਲ ਹਜਾਰਾਂ ਲੋਕ ਨਾਮੁਰਾਦ ਬਿਮਾਰੀਆਂ ਦੀ ਲਪੇਟ ਵਿੱਚ ਜਿੱਥੇ ਆ ਰਹੇ ਹਨ, ਉਥੇ ਇਹ ਫੈਕਟਰੀ ਧਰਤੀ ਹੇਠਲੇ ਪਾਣੀ ਨੂੰ ਵੀ ਦੂਸਿਤ ਕਰ ਰਹੀ ਹੈ, ਪਰ ਕੇਂਦਰ ‘ਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਦੇਣ ਦੀ ਬਜਾਏ ਕੇਂਦਰ ਦੇ ਦਰਜਨਾਂ ਮੰਤਰੀ ‘ਤੇ ਪੰਜਾਬ ਦੀ ਸਮੁੱਚੀ ਸਰਕਾਰ ਸਮੇਂ ਸਮੇਂ ਸਿਰ ਇਸ ਫੈਕਟਰੀ ਦੇ ਅੰਦਰ ਆਪਣੀ ਹਾਜਰੀ ਲਵਾਉਂਦੀ ਆ ਰਹੀ ਹੈ। ਜਿਲ੍ਹਾ ਬਰਨਾਲਾ ਦੀ ਹਜਾਰਾਂ ਏਕੜ ਜਮੀਨ ਬੰਜਰ ਹੋਣ ਦੇ ਨਾਲ ਨਾਲ ਕਿਸਾਨਾਂ ਦੇ ਹੱਥੋਂ ਵੀ ਖੁਸਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਪਰਿਵਾਰ ਨਿਰਾਸਾ ਦੇ ਆਲਮ ਵਿੱਚ ਡੁੱਬੇ ਹੋਏ ਹਨ, ਪਰ ਦੇਸ਼ ਦੀ ਇਸ ਨਾਮੀ ਕੰਪਨੀ ਜਿਸ ਦੇ ਮਾਲਕ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਜਿੱਥੇ ਸਨਮਾਨਯੋਗ ਸਥਾਨ ਦਿੱਤਾ ਜਾ ਰਿਹਾ ਹੈ, ਉਥੇ ਕੰਪਨੀ ਮਾਲਕ ਕੇਂਦਰ ਦੀ ਯੂ.ਪੀ.ਏ ਸਰਕਾਰ ਵਿੱਚ ਵੀ ਆਪਣਾ ਕਾਫੀ ਅਸਰ ਰਸੂਖ ਰੱਖਦੇ ਹਨ, ਫੈਕਟਰੀ ਦੀ ਲਪੇਟ ਵਿੱਚ ਆ ਕੇ ਬੰਜਰ ਹੋ ਰਹੀ ਜਮੀਨ ਅਤੇ ਵੱਡੀ ਗਿਣਤੀ ‘ਚ ਘਾਤਕ ਬਿਮਾਰੀਆਂ ਜਿਸ ਦੀ ਲਪੇਟ ਵਿੱਚ ਆ ਕੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ, ‘ਤੇ ਵੱਡੀ ਗਿਣਤੀ ‘ਚ ਲੋਕ ਇਹਨਾਂ ਬਿਮਾਰੀਆਂ ਦੀ ਬਦੌਲਤ ਬਿਸਤਰ ‘ਤੇ ਪਏ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ, ਪਰ ਸਰਕਾਰ ‘ਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਜਾ ਰਹੀ, ਇਸ ਮਾਮਲੇ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ‘ਤੇ ਕਿਸਾਨਾਂ ਦੇ ਨਾਲ ਖੜਨਗੇ, ਉਹਨਾਂ ਕਿਹਾ ਕਿ ਧਰਤੀ ਹੇਠਾਂ ਪਾਣੀ ਜੋ ਫੈਕਟਰੀ ਦੇ ਕੈਮੀਕਲਾਂ ਨਾਲ ਦੂਸਿਤ ਹੋ ਰਿਹਾ ਹੈ, ਜਿਸ ਕਾਰਨ ਲੋਕ ਨਾਮੁਰਾਦ ਬਿਮਾਰੀਆਂ ਦੀ ਲਪੇਟ ‘ਚ ਆ ਰਹੇ ਹਨ, ਵੱਲ ਪਾਰਟੀ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਤੇ ਕਿਸਾਨਾਂ ਮਜ਼ਦੂਰਾਂ ਦੀ ਜੋ ਵੀ ਮੰਗ ਹੋਵੇਗੀ ਉੇਸਦਾ ਪੂਰਨ ਸਾਥ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਟਰਾਈਡੈਂਟ ਕੰਪਨੀ ਜੋ ਜਿਲ੍ਹੇ ਦੇ ਲੋਕਾਂ ਦਾ ਭਾਰੀ ਨੁਕਸਾਨ ਕਰ ਰਹੀ ਹੈ, ਦੇ ਖ਼ਿਲਾਫ਼ ਜਿਲ੍ਹੇ ਦਾ ਕੋਈ ਵੀ ਅਕਾਲੀ ਦੇ ਕਾਂਗਰਸੀ ਆਗੂ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਕਿਉਂਕਿ ਕੰਪਨੀ ਮਾਲਕ ਵੱਲੋਂ ਇਹਨਾਂ ਦੇ ਮੂੰਹ ਬੰਦ ਕੀਤੇ ਹੋਏ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਅ) ਹੀ ਇੱਕੋ ਇੱਕ ਅਜਿਹੀ ਜਥੇਬੰਦੀ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਫੈਕਟਰੀ ਦੇ ਖ਼ਿਲਾਫ਼ ਲੜਾਈ ਲੜਦੀ ਆ ਰਹੀ ਹੈ, ਮਾਨ ਨੇ ਕਿਹਾ ਕਿ ਫੈਕਟਰੀ ਦੇ ਕਾਰਨ ਜੋ ਜ਼ਮੀਨਾਂ ਬੰਜਰ ਹੋ ਰਹੀਆਂ ਹਨ, ਤੇ ਲੋਕ ਘਾਤਕ ਬਿਮਾਰੀਆਂ ਦੀ ਲਪੇਟ ‘ਚ ਆ ਰਹੇ ਹਨ, ਨੂੰ ਬਚਾਉਣ ਲਈ ਅਤੇ ਕੰਪਨੀ ਮਾਲਕ ਨੂੰ ਭਜਾਉਣ ਲਈ ਉਹਨਾਂ ਦੀ ਪਾਰਟੀ ਸੰਘਰਸ਼ ਕਰੇਗੀ। ਲੋਕ ਸਭਾ ਹਲਕਾ ਸੰਗਰੂਰ ਦੇ ਪਾਰਲੀਮੈਂਟ ਮੈਂਬਰ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਫੈਕਟਰੀ ਦੇ ਕਾਰਨ ਜਿਹੜੇ ਪਿੰਡਾਂ ਦਾ ਪਾਣੀ ਦੂਸਿਤ ਹੋ ਰਿਹਾ ਹੈ, ਨੂੰ ਲਬਾਰਟਰੀ ‘ਚ ਚੈੱਕ ਕਰਵਾਇਆ ਜਾਵੇਗਾ, ਜੇਕਰ ਧਰਤੀ ਹੇਠਲਾ ਪਾਣੀ ਦੂਸਿਤ ਪਾਇਆ ਜਾਂਦਾ ਹੈ ਤਾਂ ਫੈਕਟਰੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।