ਚੰਡੀਗੜ੍ਹ, 8 ਮਾਰਚ (ਪੀ. ਟੀ.)- ਵਾਹੀਯੋਗ ਜਮੀਨ ਦੀ ਉਤਪਾਦਕਤਾ ਨੂੰ ਬਰਕਰਾਰ ਰੱਖਣ ਅਤੇ ਸਿੰਚਾਈ ਲਈ ਵਰਤੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਦੀ ਸ਼ੁਧੱਤਾ ਨੂੰ ਕਾਇਮ ਰੱਖਣ ਲਈ ਪੰਜਾਬ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਾਲ 2014-15 ਦੌਰਾਨ ਮਿਟੀ ਪਰਖ ਵਾਸਤੇ 310120 ਸੈਂਪਲ ਅਤੇ ਪਾਣੀ ਦੇ 19761 ਸੈਂਪਲ ਇਕੱਤਰ ਕੀਤੇ ਗਏ ਜਿਨ੍ਹਾਂ ਦਾ ਰਾਜ ਦੀਆਂ ਵੱਖ-ਵੱਖ ਲੈਬਾਰਟਰੀਆਂ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸਾਲ 2014-15 ਦੌਰਾਨ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਸੂਬੇ ਦੇ 112776 ਕਿਸਾਨਾਂ ਨੂੰ ਭੌਂ ਸਿਹਤ ਕਾਰਡ ਵੀ ਜਾਰੀ ਕੀਤੇ ਗਏ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹੀਯੋਗ ਜਮੀਨ ਦੀ ਉਤਪਾਦਨ ਸਮਰਥਾ ਨੂੰ ਬਰਕਰਾਰ ਰੱਖਣ ਵਾਸਤੇ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਜਾਰੀ ਕਰਕੇ ਵੱਡੀ ਸਹੂਲਤ ਉਪਲਬਧ ਕਰਵਾਈ ਗਈ ਹੈ। ਖੇਤੀਬਾੜੀ ਵਿਭਾਗ ਦੇ ਮਾਹਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵੱਖ-ਵੱਖ ਸਮਿਆਂ ’ਤੇ ਸੈਮੀਨਾਰ ਆਯੋਜਿਤ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਵਾਸਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਕਿਸਾਨ ਜਮੀਨ ਦੇ ਸਿਹਤ ਕਾਰਡਾਂ ਅਨੁਸਾਰ
ਲੋੜੀਂਦੀਆਂ ਖਾਦਾਂ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਬਲਾਕਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਅਤੇ ਪਾਤੜਾਂ ਦੀਆਂ ਆਧੁਨਿਕ ਲੈਬਾਰਟਰੀਆਂ ਵਿਖੇ 13397 ਮਿੱਟੀ ਦੇ 1043 ਸਿੰਚਾਈ ਵਾਲੇ ਪਾਣੀ ਦੇ ਸੈਂਪਲ ਇਕੱਤਰ ਕਰਕੇ ਉਨ੍ਹਾਂ ਦਾ ਮੁਆਇਨਾਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਦੇ ਹਰੇਕ ਨਮੂਨੇ ਨੂੰ ਟੈਸਟ ਕਰਨ ਲਈ ਸਰਕਾਰ ਵੱਲੋਂ 40 ਰੁਪਏ ਦਾ ਖਰਚਾ ਆਉਂਦਾ ਹੈ ਜਦੋਂ ਕਿ ਕਿਸਾਨ ਤੋਂ ਟੋਕਨ ਵਜੋਂ ਸਿਰਫ 1 ਰੁਪਿਆਪ੍ਰਤੀ ਸੈਂਪਲ ਦੀ ਫੀਸ ਵਸੂਲੀ ਜਾਂਦੀ ਹੈ। ਅਜਿਹਾ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਜਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਪਾਣੀ ਦੇ ਸੈਂਪਲ ਵੀ ਮੁਫਤ ਚੈਕ ਕੀਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਕਿਸਾਨਾਂ ਨੂੰ ਵਧੇਰੇ ਮਾਤਰਾ ਵਿੱਚ ਖਾਦਾਂ, ਕੀਟ ਨਾਸ਼ਕ ਦਵਾਈਆਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਨਹਂੀ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜਮੀਨ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ ਉਥੇ ਵਾਤਾਵਰਣ ਵੀ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮਿੱਟੀ ਪਰਖ ਦੇ ਅਧਾਰ ’ਤੇ ਹੀ ਲੋੜੀਂਦੀਆਂ ਖਾਦਾਂ ਦੀ ਵਰਤੋਂ ਕਰਨ ਕਿਉਂਕਿ ਅਜਿਹਾ ਕਰਨ ਨਾਲ ਫਸਲਾਂ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ।



