Skip to content
Independent perspectives. Global stories.
BREAKING

ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ‘ਭਾਈ ਲਾਲੋ ਕਲਾ ਸਨਮਾਨ’

Share this story

ਬਰਨਾਲਾ, 8 ਮਾਰਚ- ਸਥਾਨਕ ਦਾਣਾ ਮੰਡੀ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਵੀਹ ਹਜ਼ਾਰ ਦੇ ਕਰੀਬ ਲੋਕਾਂ ਦੇ ਭਾਰੀ ਇਕੱਠ ਵਿਚ ਹਰਮਨ ਪਿਆਰੇ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਅਜਮੇਰ ਸਿੰਘ ਔਲਖ਼ ਨੂੰ ‘‘ਭਾਈ ਲਾਲੋ ਕਲਾ ਸਨਮਾਨ’’ ਭੇਂਟ ਕੀਤਾ ਗਿਆ। ‘‘ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ’’ ਦੇ ਸੱਦੇ ’ਤੇ ਹੋਏ ਇਸ ‘‘ਇਨਕਲਾਬੀ ਸਲਾਮ ਸਮਾਰੋਹ’’ ਨੇ, ਨੌਂ ਵਰ੍ਹੇ ਪਹਿਲਾਂ 11 ਜਨਵਰੀ 2006 ਨੂੰ ਪੰਜਾਬ ਦੀ ‘‘ਇਨਕਲਾਬੀ ਨਾਟਕ ਲਹਿਰ ਦੀ ਕਲਗੀ’’, ਸਵਰਗੀ ਗੁਰਸ਼ਰਨ ਸਿੰਘ ਨੂੰ ਮੋਗਾ ਨੇੜੇ ਪਿੰਡ ਕੁੱਸਾ ’ਚ ਭੇਂਟ ਕੀਤੇ ‘‘ਇਨਕਲਾਬੀ ਨਿਹਚਾ ਸਨਮਾਨ’’ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਇਨਕਲਾਬੀ ਜਨਤਕ ਸਲਾਮ ਸਮਾਰੋਹ ਦੋ ਮਹੀਨੇ ¦ਮੀ ‘‘ਅਜਮੇਰ ਔਲਖ਼ ਸਲਾਮ ਅਤੇ ਸਨਮਾਨ ਮੁਹਿੰਮ’’ ਦੀ ਸ਼ਾਨਦਾਰ ਸਿਖ਼ਰ ਝਲਕੀ ਹੋ ਨਿਬੜਿਆ। ਲੋਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ, ਸਾਹਿਤਕਾਰਾਂ ਅਤੇ ਰੰਗ ਕਰਮੀਆਂ ਦੇ ਕਾਫ਼ਲੇ ਦਿਨ ਰਾਤ ਇਸ ਮੁਹਿੰਮ ’ਚ ਜੁਟੇ ਰਹੇ। ਲਗਭਗ 500 ਪਿੰਡਾਂ ਵਿਚ ਨੁੱਕੜ ਨਾਟਕਾਂ ਅਤੇ ਇਨਕਲਾਬੀ ਕਲਾ ਸੰਗੀਤ ਪੇਸ਼ਕਾਰੀਆਂ ਦਰਮਿਆਨ ਸਾਹਿਤ ਅਤੇ ਕਲਾ ਦੇ ਮਹੱਤਵ ਬਾਰੇ ਅਤੇ ਸ੍ਰੀ ਅਜਮੇਰ ਔਲਖ਼ ਦੇ ਰੋਲ ਬਾਰੇ ਗੰਭੀਰ ਵਿਚਾਰਾਂ ਹੋਈਆਂ। ਭਾਰੀ ਗਿਣਤੀ ਵਿਚ ਇਸ਼ਤਿਹਾਰਾਂ ਅਤੇ

ਲੀਫ਼ਲੈਂਟਾਂ ਤੋਂ ਇਲਾਵਾ ਸਲਾਮ ਕਾਫ਼ਲਾ ਦੇ ਮੈਗਜ਼ੀਨ ‘‘ਸਲਾਮ’’ ਦੇ ਦੋ ਵਿਸ਼ੇਸ਼ ਅੰਕ ਜਾਰੀ ਕੀਤੇ ਗਏ। ਕਿਸਾਨਾਂ, ਖੇਤ ਮਜ਼ਦੂਰਾਂ, ਸਨਅੱਤੀ ਕਾਮਿਆਂ, ਮੁਲਾਜ਼ਮਾਂ, ਨੌਜੁਆਨਾਂ ਅਤੇ ਔਰਤਾਂ ’ਚ ਚੱਲੀ, ਇਸ ਡੂੰਘੀ ਮੁਹਿੰਮ ਦੇ ਸਿੱਟੇ ਵਜੋਂ ਅੱਜ ਸਮਾਗਮ ’ਚ ਪੁੱਜਣ ਵਾਲੇ ਕਾਫ਼ਲਿਆਂ ਦਾ ਲਗਾਤਾਰ ਤਾਂਤਾ ਲੱਗਿਆ ਰਿਹਾ। ਮਾਨਸਾ ਤੋਂ ਸ੍ਰੀ ਅਜਮੇਰ ਔਲਖ਼ ਦੇ ਨਿਵਾਸ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਰਵਾਨਾ ਹੋਇਆ ਪ੍ਰਸੰਸ਼ਕਾਂ ਦਾ ਭਾਰੀ ਕਾਫ਼ਲਾ ਜਦੋਂ ਬਰਨਾਲਾ ਦਾਣਾ ਮੰਡੀ ਵਿਚ ਸ੍ਰੀ ਔਲਖ਼ ਦੀ ਫੋਟੋ ਵਾਲੀਆਂ ਝੰਡੀਆਂ ਨਾਲ ਸਜੇ ਪੰਡਾਲ ਵਿਚ ਦਾਖ਼ਲ ਹੋਇਆ ਤਾਂ ਨਾਅਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖ਼ਾ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਸ੍ਰੀ ਔਲਖ਼ ਬਿਮਾਰੀ ਦੀ ਵਜ੍ਹਾ ਕਰਕੇ ਪੰਡਾਲ ਵਿਚ ਬਣੇ ਕੌਰੀਡੌਰ ਰਾਹੀਂ ਵੀਲ੍ਹ ਚੇਅਰ ਦੀ ਸਹਾਇਤਾ ਨਾਲ ਸਟੇਜ ’ਤੇ ਪੁੱਜੇ। ਸਟੇਜ ’ਤੇ ‘ਸਲਾਮ ਕਾਫ਼ਲਾ’ ਦੀ ਪੂਰੀ ਟੀਮ ਅਤੇ ਸਹਿਯੋਗੀ ਸਾਥੀਆਂ ’ਚ ਲੋਕ ਸੰਘਰਸ਼ਾਂ ਅਤੇ ਸਾਹਿਤ ਕਲਾ ਜਗਤ ਦੀਆਂ ਉਘੀਆਂ ਸਖ਼ਸ਼ੀਅਤਾਂ ਹਾਜ਼ਰ ਸਨ।
ਪੰਡਾਲ ਦੇ ਸੱਜੇ ਪਾਸੇ ਬਣੀ ‘‘ਗ਼ਦਰੀ ਗੁਲਾਬ ਮਹਿਮਾਨ ਗੈਲਰੀ’’ ਲੋਕ ਜਥੇਬੰਦੀਆਂ ਅਤੇ ਸਾਹਿਤ ਕਲਾ ਪਲੇਟਫਾਰਮਾਂ ਦੇ ਪ੍ਰਤੀਨਿਧਾਂ ਤੇ ਮਕਬੂਲ ਸਮਾਜਿਕ ਸਖ਼ਸ਼ੀਅਤਾਂ ਲਈ ਰਾਖ਼ਵੀਂ ਕੀਤੀ ਹੋਈ ਸੀ। ਪੰਡਾਲ ’ਚ ਬੈਨਰਾਂ ਦੀ ਵੱਡੀ ਗਿਣਤੀ ਸੀ। ਇਨ੍ਹਾਂ ਬੈਨਰਾਂ ’ਤੇ ਅਜਮੇਰ ਸਿੰਘ ਔਲਖ਼ ਦੀ ਕਲਾ ਬਾਰੇ ਉਘੀਆਂ ਸ਼ਖ਼ਸ਼ੀਅਤਾਂ ਦੀਆਂ ਟਿਪਣੀਆਂ, ਸਾਹਿਤ ਕਲਾ ਦੇ ਮੰਤਵ ਬਾਰੇ ਅਹਿਮ ਕਥਨ ਅਤੇ ਮਕਬੂਲ ਸਾਹਿਤਕਾਰਾਂ ਦੀਆਂ ਟੂਕਾਂ ਅੰਕਿਤ ਸਨ।

WRITTEN BY