ਫ਼ਰੀਦਕੋਟ, 5 ਮਾਰਚ (ਜਸਬੀਰ ਜੱਸੀ)- ਫ਼ਰੀਦਕੋਟ ਪੁਲੀਸ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਸੁੱਖਾ ਕਾਹਲੋਂ ਦੇ ਕਤਲ ਦਾ ਮੁੱਖ ਦੋਸ਼ੀ ਹੋਣ ਦਾ ਦਾਅਵਾ ਕਰਦਿਆਂ ਦੇਰ ਰਾਤ ਉਸ ਨੂੰ ਪਿੰਡ ਚੰਦਬਾਜਾ ਕੋਲੋਂ ਪੁਲੀਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪ੍ਰੀਤ ਸਿੰਘ ਸੇਖੋਂ ਖਿਲਾਫ਼ ਕਤਲ, ਡਕੈਤੀ ਅਤੇ ਅਗਵਾ ਦੇ 13 ਮੁਕੱਦਮੇ ਦਰਜ ਹਨ ਅਤੇ ਇਸ ਨੂੰ ਸੁੱਖਾ ਕਾਹਲੋਂ ਦੇ ਕਤਲ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ 16 ਜਨਵਰੀ ਨੂੰ ਸੁੱਖਾ ਕਾਹਲੋਂ ਦੇ ਕਤਲ ਦੀ ਸਾਜਿਸ਼ ਗਂੈਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੇ ਹੀ ਰਚੀ ਸੀ ਅਤੇ ਇਸ ਸਾਜਿਸ਼ ਵਿੱਚ ਤੀਰਥ ਢਿੱਲਵਾਂ, ਰੰਮੀ ਮਸਾਣਾ, ਨੀਟਾ ਦਿਓਲ, ਅਸਲਮ, ਪ੍ਰੇਮ ਲਹੌਰੀਆ ਅਤੇ ਵਿੱਕੀ ਗੌਂਡਰ ਆਦਿ ਵੀ ਸ਼ਾਮਿਲ ਸਨ। ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ
ਨੇ ਕਤਲ ਕਰਨ ਤੋਂ ਪਹਿਲਾਂ ਜਗਰਾਓਂ ਅਤੇ ਮੋਗੇ ਤੋਂ ਦੋ ਫਾਰਚੂਨਰ ਗੱਡੀਆਂ ਖੋਹੀਆਂ। ਪੁਲਿਸ ਅਧਿਕਾਰੀਆਂ ਅਨੁਸਾਰ ਸੁੱਖਾ ਕਾਹਲੋਂ ਨੂੰ ਕਤਲ ਕਰਨ ਤੋਂ ਪਹਿਲਾਂ ਗੈਂਗਸਟਰਾਂ ਨੇ ਸੁੱਖਾ ਕਾਹਲੋਂ ਨੂੰ ਲੈ ਕੇ ਜਾ ਰਹੀ ਪੁਲੀਸ ਦੇ ਹਥਿਆਰਾਂ ਤੇ ਰੂਟ ਦੀ ਜਾਣਕਾਰੀ ਹਾਸਲ ਕੀਤੀ। ਡੀ.ਆਈ.ਜੀ ਅਮਰ ਸਿੰਘ ਚਾਹਲ ਨੇ ਕਿਹਾ ਕਿ ਗਿਣੀ ਮਿੱਥੀ ਸਾਜਿਸ਼ ਤਹਿਤ ਡਵਾਇਨ ਪਬਲਿਕ ਸਕੂਲ, ਫਗਵਾੜਾ ਕੋਲ ਸੁੱਖਾ ਕਾਹਲੋਂ ਨੂੰ ਲੈ ਕੇ ਜਾ ਰਹੀ ਗੱਡੀ ਰੋਕੀ ਗਈ ਕਿਉਂਕਿ ਉੱਥੇ ਟਰੈਫ਼ਿਕ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਗੱਡੀ ਰੋਕਣ ਤੋਂ ਬਾਅਦ ਸੁੱਖਾਂ ਕਾਹਲੋਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲੀਸ ਮੁਕਾਬਲੇ ਵਿੱਚ ਮਨਵੀਰ ਸਿੰਘ ਨਾਮ ਦਾ ਨੌਜਵਾਨ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਿਆ। ਪੁਲਿਸ ਨੇ ਹੋਰ ਪੁੱਛਗਿੱਛ ਲਈ ਗੁਰਪ੍ਰੀਤ ਸਿੰਘ ਸੇਖੋਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਿਲਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਗੁਰਪ੍ਰੀਤ ਸੇਖੋਂ ਕੋਲੋ ਇੱਕ 9 ਐੱਮ.ਐੱਮ. ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।



