ਕੀਰਤਪੁਰ ਸਾਹਿਬ, 1 ਮਾਰਚ (ਨਿਤਿਨ ਕਪਿਲ)- ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜਾ ਕੌਮੀ ਤਿਉਹਾਰ ਹੋਲਾ ਮੁਹੱਲਾ ਦਾ ਪਹਿਲਾ ਪੜਾਅ ਅੱਜ ਖ਼ਾਲਸਾਈ ਸਾਨੋ ਸੋਕਤ ਨਾਲ ਕੀਰਤਪੁਰ ਸਾਹਿਬ ਵਿਖੇ ਆਰੰਭ ਹੋ ਗਿਆ ।ਇਸ ਮੌਕੇ ਸਭ ਤੋ ਪਹਿਲਾਂ ਗੁ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਮੇਲੇ ਦੀ ਅਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਵਲੋਂ ਕੀਤੀ ਗਈ ।ਇਸ ਦੌਰਾਨ ਉਨ੍ਹਾਂ ਦੇਸ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ। ਮੇਲੇ ਵਿੱਚ ਸ਼ਾਮਿਲ ਹੋਣ ਲਈ ਕੱਲ੍ਹ ਤੋਂ ਹੀ ਦੇਸ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਕੀਰਤਪੁਰ ਸਾਹਿਬ ਦੇ ਪਤਾਲਪੁਰੀ
ਸਾਹਿਬ,ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਸਾਂਈ ਪੀਰ ਬਾਬਾ ਬੁੱਢਣ ਸਾਹ ਜੀ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨਤ ਮਸਤ ਹੋਈਆਂ।ਇਸ ਦੌਰਾਨ ਸੰਗਤਾਂ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸਨਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਇੰਜੀਨੀਅਰ ਦਵਿੰਦਰ ਸਿੰਘ, ਤੇਜਵੀਰ ਸਿੰਘ ਜਗੀਰਦਾਰ, ਮਨਦੀਪ ਸਿੰਘ ਗੋਲਡੀ, ਮਨਿੰਦਰ ਸਿੰਘ,ਅਨੰਤ ਬੇਦੀ ਆਦਿ ਮੌਜੂਦ ਸਨ ।



