ਨਵੀਂ ਦਿੱਲੀ, 20 ਫਰਵਰੀ (ਪੀ. ਟੀ.)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸੀ. ਬੀ. ਆਈ. ਦੇ ਹੱਥ ਅਹਿਮ ਸਬੂਤ ਲੱਗੇ ਹਨ। ਪਿਛਲੀ ਵਾਰ ਜਦੋਂ ਸੀ. ਬੀ. ਆਈ. ਸਿਰਸਾ ਗਈ ਸੀ ਤਾਂ ਉਨ੍ਹਾਂ ਦੇ ਹੱਥ ਰਾਮ ਰਹੀਮ ਵਿਰੁੱਧ ਕੁਝ ਨਹੀਂ ਲੱਗਾ ਸੀ। ਇਸ ਵਾਰ ਸੀ. ਬੀ. ਆਈ. ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ। ਡੇਰੇ ਦੇ ਸਾਧੂਆਂ ਨੂੰ ਸਮੂਹਕ ਰੂਪ ਨਾਲ ਨਪੁੰਸਕ ਬਣਾਉਣ ਸੰਬੰਧੀ ਸੀ. ਬੀ. ਆਈ. ਦੇ ਹੱਥ ਸਬੂਤ ਲੱਗੇ ਹਨ। ਪਿਛਲੀ ਵਾਰ ਡੇਰੇ ਦੇ ਦਬਾਅ ਵਿਚ ਆ ਕੇ ਪੀੜਤਾਂ ਨੇ ਸੀ. ਬੀ. ਆਈ. ਦੀ ਜਾਂਚ ਵਿਚ ਸਹਿਯੋਗ ਨਹੀਂ ਕੀਤੀ ਸੀ। ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਦੋਸ਼ ਵਿਚ ਡੇਰੇ ਦੇ ਸਮਰਥਕ ਹੰਸ ਰਾਜ ਚੌਹਾਨ ਨੇ ਉਨ੍ਹਾਂ ਵਿਰੁੱਧ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਬਾਅਦ ਸੀ. ਬੀ. ਆਈ. ਨੇ ਰਾਮ ਰਹੀਮ ਵਿਰੁੱਧ ਕੇਸ ਦਰਜ ਕੀਤਾ ਸੀ।ਸੀ. ਬੀ. ਆਈ. ਨੇ ਇਸ ਵਾਰ ਕੁਝ ਸਾਬਕਾ ਡੇਰਾ ਭਗਤਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹੇ ਲੋਕਾਂ ਨੂੰ ਵੀ ਲੱਭ ਲਿਆ ਹੈ, ਜਿਨਾਂ ਨੂੰ ਡੇਰੇ ਵਿਚ ਭਗਵਾਨ ਦੇ ਨਾਂ ‘ਤੇ ਨਪੁੰਸਕ ਬਣਾਇਆ ਗਿਆ ਸੀ। ਇਨ੍ਹਾਂ ਵਿਚ ਕੁਝ ਲੋਕਾਂ ਨੇ ਆਪਣੇ ਬਿਆਨ ਦਰਜ ਕਰਨ ਦੀ ਵੀ ਹਾਮੀ ਭਰ ਦਿੱਤੀ ਹੈ। ਸੀ. ਬੀ. ਆਈ. ਇਨ੍ਹਾਂ ਲੋਕਾਂ ਨੂੰ ਦਿੱਲੀ ਲੈ ਕੇ ਆ ਰਹੀ ਹੈ।



