ਬੁਢਲਾਡਾ, 20 ਫਰਵਰੀ (ਅਮਿਤ ਜਿੰਦਲ)- ਪੰਜਾਬ ਵਿੱਚ ਹਜਾਰਾਂ ਸਿਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਨਾ ਮਿਲਣ ਕਾਰਨ ਪਹਿਲੇ ਦਿਨ ਬਿਨ੍ਹਾਂ ਪੇਪਰ ਦਿੱਤੇ ਘਰ ਪਰਤਨਾ ਪਿਆ। ਤਕਨੀਕੀ ਸਿੱਖਿਆ ਵਿਭਾਗ ਅਧੀਨ ਪੰਜਾਬ ‘ਚ ਚੱਲ ਰਹੀਆਂ ਸਰਕਾਰੀ ਅਤੇ ਗੈਰ ਸਰਕਾਰੀ 362 ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਅੱਜ ਤੋਂ ਸ਼ੁਰੂ ਹੋਈਆਂ 24 ਟ੍ਰੇਡਾਂ ਦੀਆਂ ਪ੍ਰੀਖਿਆਵਾਂ ਵਿੱਚ 34 ਹਜਾਰ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਨਾ ਮਿਲਣ ਕਾਰਨ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿੱਥੇ ਪ੍ਰੀਖਿਆਰਥੀਆਂ ਨੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਵੱਖ ਵੱਖ ਆਈ.ਟੀ.ਆਈਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧੀ
ਆਈ.ਟੀ.ਆਈ. ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੋਹਣ ਸਿੰਘ ਭੰਗੂ, ਜਨਰਲ ਸਕੱਤਰ ਹਰਵਿੰਦਰ ਭਾਰਦਵਾਯ ਨੇ ਬੱਚਿਆਂ ਦੇ ਭਵਿੱਖ ਨਾਲ ਹੋਏ ਖਿਲਵਾੜ ਤੇ ਭਾਰੀ ਚਿੰਤਾ ਜਾਹਿਰ ਕੀਤੀ। ਪਤਾ ਲੱਗਿਆ ਹੈ ਕਿ 26 ਫਰਵਰੀ ਤੋਂ ਪਹਿਲਾ ਹੋਣ ਵਾਲੇ ਪੇਪਰਾਂ ਦੇ ਪ੍ਰਸ਼ਨ ਪੱਤਰ ਹੁਣ ਤੱਕ ਬੈਂਕਾਂ ਵਿੱਚ ਨਹੀਂ ਪਹੁੰਚੇ। ਜਿਸ ਦੀ ਪੁਸ਼ਟੀ ਆਈ.ਟੀ.ਆਈ. ਬੁਢਲਾਡਾ ਦੇ ਪ੍ਰਿੰਸੀਪਲ ਵੱਲੋਂ ਕੀਤੀ ਜਾ ਚੁੱਕੀ ਹੈ। ਪ੍ਰੰਤੂ ਉਨ੍ਹਾਂ ਨੇ ਇਨ੍ਹਾਂ ਪ੍ਰਸ਼ਨ ਪੱਤਰ ਨੂੰ ਪਹੁੰਚਣ ਪ੍ਰਤੀ ਆਪਣੀ ਅਸਮਰਥਾ ਜਾਹਿਰ ਕੀਤੀ ਕਿ ਉਹ ਇਸ ਸੰਬੰਧੀ ਕੁਝ ਨਹੀਂ ਕਰ ਸਕਦੇ। ਵਰਣਨਯੋਗ ਹੈ ਕਿ ਮਨੀਸ਼ਿਟਰੀ ਆਫ ਲੇਬਰ ਐਂਡ ਇੰਪਾਲਾਈਮੈਂਟ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ 24 ਟ੍ਰੇਡਾ ਦੇ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦਾ ਪੰਜਾਬ ਵਿੱਚ ਮੁੱਖ ਕੰਟਰੋਲਰ ਪੰਜਾਬ ਰਾਜ ਟੈਕਨੀਕਲ ਬੋਰਡ ਹੈ। ਇਨ੍ਹਾਂ ਪ੍ਰੀਖਿਆਵਾਂ ਨੂੰ 12 ਫਰਵਰੀ ਤੋਂ 14 ਮਾਰਚ ਤੱਕ ਮੁਕੰਮਲ ਕਰਨ ਦੀ ਪ੍ਰਤੀਕਿਰਿਆ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਜਿਸ ਅਧੀਨ ਹਰ ਪ੍ਰੀਖਿਆ ਕੇਂਦਰ ਵਿੱਚ ਬੈਂਕਾਂ ਰਾਹੀਂ ਪ੍ਰਸ਼ਨ ਪੱਤਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਦੇ ਹਨ। ਪ੍ਰੰਤੂ 12 ਤੋਂ 16 ਫਰਵਰੀ ਤੱਕ ਪ੍ਰੈਕਟੀਕਲ ਮੁਕੰਮਲ ਕਰਨ ਉਪਰੰਤ ਅੱਜ ਪਹਿਲੇ ਦਿਨ ਲਿਖਤੀ 20 ਫਰਵਰੀ ਦੇ 24 ਟ੍ਰੇਡਾ ਦੇ ਪੇਪਰ 34 ਹਜਾਰ ਪ੍ਰੀਖਿਆਰਥੀਆਂ ਨੂੰ ਪੇਪਰ ਦਿੱਤੇ ਬਿਨ੍ਹਾਂ ਘਰ ਪਰਤਨਾ ਪਿਆ। ਇਸ ਸੰਬੰਧੀ ਪੰਜਾਬ ਟੈਕਨੀਕਲ ਬੋਰਡ ਦੇ ਸਹਾਇਕ ਕੰਟਰੋਲਰ ਪੰਜਾਬ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਪ੍ਰੀਖਿਆ ਕੇਂਦਰ ਤੱਕ ਪ੍ਰਸ਼ਨ ਪੱਤਰ ਪਹੁੰਚਾਉਣ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗ ਦੀ ਹੈ। ਦੂਸਰੇ ਪਾਸੇ ਅੱਜ ਉਦਯੋਗਿਕ ਸਿਖਲਾਈ ਸੰਸਥਾਂ ਬੁਢਲਾਡਾ ਵਿੱਚ ਪੇਪਰ ਦੇਣ ਆਏ ਵਿਦਿਆਰਥੀਆਂ ਨੇ ਨਾਅਰੇਬਾਜੀ ਕਰਦਿਆਂ ਕਿਹਾ ਕਿ ਇਹ ਸਾਡੇ ਭਵਿੱਖ ਨੂੰ ਖਰਾਬ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾਂ ਪੰਜਾਬ ਦੇ ਅਧਿਕਾਰੀ ਪ੍ਰਾਈਵੇਟ ਸੈਕਟਰ ਨੂੰ ਲਾਭ ਪਹੁੰਚਾਉਣ ਲਈ ਇਨ੍ਹਾਂ ਪ੍ਰੀਖਿਆਵਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਜਿੰਮੇਵਾਰੀ ਤੋਂ ਕੰਨੀ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਆਈ.ਟੀ.ਆਈ. ਨੂੰ ਲਾਭ ਪਹੁੰਚਾਉਣ ਲਈ ਸਬ ਸੈਂਟਰ ਸਥਾਪਿਤ ਕਰਕੇ ਪ੍ਰੀਖਿਆਵਾਂ ਖੱਜਲ ਖੁਆਰ ਵੀ ਕੀਤਾ ਜਾ ਰਿਹਾ। ਨਾਅਰੇਬਾਜੀ ਕਰਦਿਆਂ ਕਰਮਜੀਤ ਸਿੰਘ, ਸੰਦੀਪ ਸਿੰਘ, ਅਮਨਦੀਪ ਸਿੰਘ, ਅਮ੍ਰਿਤਪਾਲ, ਕਿੱਕਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਬੋਨੀ ਸਿੰਘ, ਹਨੀ ਸਿੰਘ, ਦੀਪਕ ਸਿੰਘ ਆਦਿ ਪ੍ਰੀਖਿਆਰਥੀਆਂ ਨੇ ਕਿਹਾ ਕਿ ਅੱਜ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆਰਥੀਆਂ ਨੂੰ ਪੇਪਰ ਨਾ ਮਿਲਣ ਦਾ ਮੁੱਖ ਦੋਸ਼ੀ ਪੰਜਾਬ ਟੈਕਨੀਕਲ ਬੋਰਡ ਦਾ ਕੰਟਰੋਲਰ ਹੈ।



