ਬੈਂਗਲੁਰੂ, 18 ਫਰਵਰੀ (ਪੀ. ਟੀ)- ਏਸ਼ੀਆ ਦੇ ਸਭ ਤੋਂ ਸ਼ਾਨਦਾਰ ਹਵਾਈ ਸ਼ੋਅ ਏਅਰੋ ਇੰਡੀਆ ਦਾ ਬੈਂਗਲੁਰੂ ‘ਚ ਅੱਜ ਆਗਾਜ਼ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕਰਦੇ ਹੋਏ ਭਾਰਤ ‘ਚ ਰੱਖਿਆ ਉਤਪਾਦਨ ਵਧਾਉਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਭਾਰਤ ‘ਚ ਕਾਰੋਬਾਰ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਇਸ ਲਈ ਦੇਸ਼ ‘ਚ ਰੱਖਿਆ ਖੇਤਰ ‘ਚ ਤਕਨੀਕੀ ਵਿਕਾਸ ਨੂੰ ਵਧਾਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਉਤਪਾਦ ਦੇ ਆਯਾਤ ‘ਚ ਅਸੀਂ ਨੰਬਰ ਇਕ ਨਹੀਂ ਬਣਨਾ ਚਾਹੁੰਦੇ। ਇਸ ਲਈ ਰੱਖਿਆ ਖੇਤਰ ‘ਚ ਤਕਨੀਕ ਅਤੇ ਨਿਵੇਸ਼ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਹਮਣੇ ਅੰਦਰੂਨੀ ਸੁਰੱਖਿਆ ਦੀ ਚੁਣੌਤੀ ਹੈ ਇਸ ਲਈ ਸਾਨੂੰ ਰੱਖਿਆ ਉਤਪਾਦ ਨੂੰ ਦੁੱਗਣਾ ਕਰਨਾ ਹੋਵੇਗਾ, ਇਸੇ ਲਈ ਰੱਖਿਆ ਖੇਤਰ ‘ਚ ਵਿਦੇਸ਼ੀ ਨਿਵੇਸ਼ਵਧਾਇਆ ਗਿਆ ਹੈ। ਦੇਸ਼ ਦਾ 60 ਫੀਸਦੀ ਰੱਖਿਆ ਸਮਾਨ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਆਯਾਤ ਘਟਣ ਨਾਲ ਰੋਜ਼ਗਾਰ ਵਧੇਗਾ। 25 ਫੀਸਦੀ ਰੱਖਿਆ ਆਯਾਤ ਘੱਟ ਕਰਨ ਨਾਲ 1. 20 ਲੱਖ ਨਵੇਂ ਰੋਜ਼ਗਾਰ ਪੈਦਾ ਹੋਣਗੇ। ਰੱਖਿਆ ਖੇਤਰ ‘ਚ ਨਿੱਜੀ ਕੰਪਨੀਆਂ ਦੀ ਦਿਲਚਸਪੀ ਵਧੀ ਹੈ। ਇਸ ਵਾਰ ਏਅਰੋ ਇੰਡੀਆ ਸ਼ੋਅ ਦਾ ਵਿਸ਼ਾ ਵਸਤੂ- ‘ਮੇਕ ਇਨ ਇੰਡੀਆ‘ ਰੱਖਿਆ ਗਿਆ ਹੈ। ਭਾਰਤ ‘ਚ ਹੁਣ ਤੱਕ ਦੇ ਸਭ ਤੋਂ ਵੱਡੇ ਏਅਰ ਸ਼ੋਅ ‘ਚ 300 ਵਿਦੇਸ਼ੀ ਕੰਪਨੀਆਂ ਦੇ ਨਾਲ ਹੀ ਕਈ ਦੇਸ਼ਾਂ ਦੇ 54 ਮੰਤਰੀ ਮੰਡਲ ਪੱਧਰ ਤੇ ਹੋਰ ਉੱਚ ਪੱਧਰੀ ਵਫਦ ਹਿੱਸਾ ਲੈ ਰਹੇ ਹਨ। ਸ਼ੋਅ ‘ਚ 64 ਕੰਪਨੀਆਂ ਦੇ ਨਾਲ ਸਭ ਤੋਂ ਵੱਡੀ ਹਿੱਸੇਦਾਰੀ ਅਮਰੀਕਾ ਦੀ ਹੋਵੇਗੀ। ਇਸ ਤੋਂ ਇਲਾਵਾ ਫਰਾਂਸ ਦੀਆਂ 58, ਬਰਤਾਨੀਆ ਦੀਆਂ 48, ਰੂਸ ਦੀਆਂ 41, ਇਸਰਾਈਲ ਦੀਆਂ 25 ਅਤੇ ਜਰਮਨੀ ਦੀਆਂ 17 ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਬੈਂਗਲੁਰੂ ਦੇ ਯੇਲਾਹਾਂਕਾ ਹਵਾਈ ਸੈਨਾ ਸਟੇਸ਼ਨ ‘ਤੇ ਅਰੰਭ ਹੋਇਆ ਕੌਮਾਂਤਰੀ ਏਅਰੋ ਇੰਡੀਆ ਸ਼ੋਅ ਪੰਜ ਦਿਨ ਤੱਕ ਚੱਲੇਗਾ।



