ਨਵੀਂ ਦਿੱਲੀ, 15 ਫਰਵਰੀ (ਪੀ. ਟੀ.)- ਪੰਜਾਬ ਦੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਿੱਲੀ ‘ਚ ‘ਆਪ‘ ਪਾਰਟੀ ਦੀ ਰਿਕਾਰਡ ਤੋੜ ਜਿੱਤ ਤੋਂ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕ ਆਮ ਆਦਮੀ ਅਰਵਿੰਦ ਕੇਜਰੀਵਾਲ ਦਿੱਲੀ ਦਾ ਸੀ. ਐਮ. ਬਣਿਆ ਹੈ, ਜਿਸ ਲਈ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਅਤੇ ਦਿੱਲੀ ਦੀ ਜਨਤਾ ਜਿੰਨੀ ਖੁਸ਼ ਹੈ, ਇਸ ਤੋਂ ਵਧ ਪੰਜਾਬ ਦੇ ਲੋਕ ਵੀ ਖੁਸ਼ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਦਿੱਲੀ ਵਰਗਾ ਹੀ ਕੁਝ ਹੋਵੇਗਾ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਹੀ ਜਿੱਤੇਗੀ।ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹੀ ਉਨ੍ਹਾਂ ਨੂੰ ਵੀ ਪੰਜਾਬ ’ਚ ਵੀ ਬਹੁਮਤ ਮਿਲੇਗਾ। ਪੰਜਾਬ ਭ੍ਰਿਸ਼ਟਾਚਾਰ ਅਤੇ ਨਸ਼ਾਖੋਰੀ ਕਾਰਨ ਬਰਬਾਦ ਹੋ ਰਿਹਾ ਹੈ। ਪੰਜਾਬ ‘ਚ ਮੁੱਖ ਮੰਤਰੀ ਕੌਣ ਹੋਵੇਗਾ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਚ ਸਾਰੇ ਵਰਕਰ ਹਨ, ਕੋਈ ਨੇਤਾ
ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਮੈਨੂੰ ਪੋਸਟਰ ਲਾਉਣ ਜਾਂ ਪੋਚਾ ਲਾਉਣ ਦੀ ਜ਼ਿੰਮੇਵਾਰੀ ਸੌਂਪੇਗੀ ਤਾਂ ਮੈਂ ਉਸ ਨੂੰ ਪੂਰੀ ਤਨ-ਦੇਹੀ ਨਾਲ ਪੂਰਾ ਕਰਾਂਗਾ।ਭਗਵੰਤ ਮਾਨ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਵਿਚ ਪੀਲੀ ਪੱਗ ਵਿਚ ਵੱਖਰੀ ਹੀ ਲੁੱਕ ‘ਚ ਨਜ਼ਰ ਆਏ। ਇਸ ਦੌਰਾਨ ਉਹ ‘ਆਪ‘ ਪਾਰਟੀ ਨੇਤਾ ਆਸ਼ੂਤੋਸ਼, ਮਨੀਸ਼ ਸਿਸੌਦੀਆ, ਸੰਜੇ ਸਿੰਘ ਨਾਲ ਗਰਮ ਜੋਸ਼ੀ ਨਾਲ ਗਲੇ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਉੱਪ ਰਾਜਪਾਲ ਨਜੀਬ ਜਗ ਅਤੇ ਸੀ. ਐਮ. ਕੇਜਰੀਵਾਲ ਨਾਲ ਹੱਥ ਮਿਲਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।



