ਬਠਿੰਡਾ, 11 ਫਰਵਰੀ (ਗੁਰਤੇਜ ਸਿੱਧੂ/ ਅਮਰਜੀਤ ਸਿੱਧੂ)- ਸਵਾਈਨ ਫਲੂ ਨੇ ਬਠਿੰਡਾ ਜਿਲ੍ਹੇ ਨੂੰ ਤੇਜੀ ਨਾਲ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬਠਿੰਡਾ ਨਾਲ ਸਬੰਧਤ ਸਵਾਈਨ ਫਲੂ ਤੋਂ ਪੀੜਤ ਦੋ ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪਿੰਡ ਜੋਧਪੁਰ ਰੋਮਾਣਾ ਦੀ ਮਹਿਲਾ ਕਲਾ ਦੇਵੀ ਅਤੇ ਪਿੰਡ ਮਹਿਰਾਜ ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਸਵਾਈਨ ਫਲੂ ਤੋਂ ਪੀੜਤ ਪਾਏ ਗਏ ਸਨ। ਮ੍ਰਿਤਕ ਮਹਿਲਾ ਕਲਾ ਦੇਵੀ ਪਿਛਲੇ 4 ਦਿਨਾਂ ਤੋਂ ਫਰੀਦਕੋਟ ਮੈਡੀਕਲ ਕਾਲਜ ਵਿਖੇ ਆਪਣਾ ਇਲਾਜ ਕਰਵਾ ਰਹੀ ਸੀ ਜਦੋਂਕਿ ਪ੍ਰਗਟ ਸਿੰਘ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ। ਅੱਜ ਇਨ੍ਹਾਂ ਦੋਵਾਂ ਸਵਾਈਨ ਫਲੂ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਬਠਿੰਡਾ ਦੀ ਗਨਪਤੀ ਇਨਕਲੇਵ ਰਿਹਾਇਸ਼ੀ ਇਲਾਕੇ ਦਾ ਚੰਦਰ ਮੋਹਨ ਵੀ ਸਵਾਈਨ ਫਲੂ ਤੋਂ ਪੀੜਤ ਹੈ, ਜੋ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ
ਆਪਣਾ ਇਲਾਜ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਅਬੋਹਰ ਸ਼ਹਿਰ ਨਾਲ ਸਬੰਧਤ ਸਵਾਈਨ ਫਲੂ ਤੋਂ ਪੀੜਤ ਸੁਭਾਸ਼ ਵੀ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਮਹਾਮਾਰੀ ਵਿਸ਼ੇਸ਼ਗ ਡਾ. ਐਚ.ਐਸ. ਹੇਅਰ ਨੇ ਦੱਸਿਆ ਕਿ ਹੁਣ ਤੱਕ 14 ਸ਼ੱਕੀ ਮਰੀਜ਼ਾਂ ਦੇ ਸਵੈਬ ਸੈਂਪਲ ਲੈ ਕੇ ਜਾਂਚ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜੇ ਗਏ ਸਨ, ਜਿਨ੍ਹਾਂ ’ਚੋਂ ਤਿੰਨ ਮਰੀਜ਼ ਸਵਾਈਨ ਫਲੂ ਤੋਂ ਪੀੜਤ ਪਾਏ ਗਏ, ਜਿਨ੍ਹਾਂ ’ਚੋਂ ਅੱਜ ਦੋ ਦੀ ਮੌਤ ਹੋ ਗਈ ਹੈ।



