ਨਵੀਂ ਦਿੱਲੀ, 2 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਰਤ ਹੈਵੀ ਇਲੈਕਟ੍ਰਿਕ ਲਿਮਟਿਡ ਪਲਾਂਟ ਦੇ ਤਰਿਚਰਾਪੱਲੀ ਸਥਿਤ ਦੂਜੇ ਯੂਨਿਟ ਤੇ ਪੁੱਡੂਕੋਟਈ ਨੇੜੇ ਤਿਰੁਮਾਯਮ ਵਿਖੇ ਪਾਇਲਟ ਪਲਾਂਟ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਖੇਤਰ ਦੀ ਮਹਾਰਤਨ ਕੰਪਨੀ ਭੇਲ ਦੇਸ਼ ਦੇ ਸਨਅਤੀ ਵਿਕਾਸ ਤੇ ਖ਼ਾਸ ਕਰਕੇ ਊਰਜਾ ਦੇ ਖੇਤਰ ਦੇ ਵਿਕਾਸ ਲਈ ਚੰਗਾ ਕੰਮ ਕਰ ਰਹੀ ਹੈ। ਤਿਰੁਮਾਯਮ ਵਿਖੇ ਭੇਲ ਦਾ ਪਲਾਂਟ ਸਥਾਪਤ ਕਰਨ ਤੋਂ ਇਸ ਗੱਲ ਦਾ ਵੀ ਪਤਾ ਚੱਲਦਾ ਹੈ ਕਿ ਸਰਕਾਰ ਦੇਸ਼ ਦੇ ਪੱਛੜੇ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਸਨਅਤੀ ਵਿਕਾਸ ਤੇਜ਼ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਉਪਲਬੱਧ ਕਰਵਾਏ ਜਾ ਸਕਣ। ਇਨਾਂ੍ਹ ਦੋਵਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਭੇਲ ਦੀ ਸਾਲਾਨਾ ਉਤਪਾਦਨ ਸਮਰੱਥਾ 20 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ । ਇਸ ਨਾਲ ਕੁਸ਼ਲ ਵਿਕਾਸ ਨੂੰ ਵੀ ਹੱਲਾਸ਼ੇਰੀ ਮਿਲੇਗੀ ਤੇ ਇੱਥੇ ਸਥਾਪਤ ਹੋਣ ਵਾਲੇ ਛੋਟੇ ਯੂਨਿਟਾਂ ਨੂੰ ਸਿਖਲਾਈ ਦਾ ਇੱਕ ਬਿਹਤਰ ਸਾਧਨ ਉਪਲਬੱਧ ਹੋਵੇਗਾ। ਇਸ ਨਾਲ ਛੋਟੇ ਕਾਰੋਬਾਰੀਆਂ ਤੇ ਹੋਰ ਸੇਵਾਵਾਂ ਪ੍ਰਧਾਨ ਕਰਨ ਵਾਲਿਆਂ ਤੇ ਯੁਵਕਾਂ ਨੂੰ ਲਾਭ ਪੁੱਜੇਗਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਚਲੰਤ ਊਰਜਾ ਘਾਟੇ ਤੇ ਵੱਧ ਰਹੀ ਆਰਥਿਕਤਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਪੈਮਾਨੇ ਉਤੇ ਵਧੀਕ ਪ੍ਰੋਗਰਾਮਾਂ ਦੀ ਲੋੜ ਹੈ। ਉਨਾਂ੍ਹ ਨੇ ਦੱਸਿਆ ਕਿ ਸਰਕਾਰ ਨੇ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਨਵਿਆਉਣਯੋਗ ਊਰਜਾ ਸਮੇਤ ਇੱਕ ਲੱਖ ਮੈਗਾਵਾਟ ਵਾਧੂ ਬਿਜਲੀ ਉਤਪਾਦਨ ਦਾ ਟੀਚਾ ਮਿਥਿਆ ਹੈ। ਉਨਾਂ੍ਹ ਦੱਸਿਆ ਕਿ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਬਿਜਲੀ ਉਤਪਾਦਨ ਵਿੱਚ 55 ਹਜ਼ਾਰ ਮੈਗਾਵਾਟ ਦਾ ਵਾਧਾ ਕੀਤਾ ਗਿਆ ਜੋ 10ਵੀਂ ਯੋਜਨਾ ਨਾਲੋਂ ਲਗਭਗ ਦੁੱਗਣਾ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਲਵਾਯੂ ਬਦਲਾਅ ਸਾਰੇ ਵਿਸ਼ਵ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਭਾਰਤ ਉਨਾਂ੍ਹ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਉਪਰ ਜਲਵਾਯੂ ਬਦਲਾਅ ਦੇ ਗੰਭੀਰ ਅਸਰ ਪੈ ਸਕਦੇ ਹਨ। ਕਾਰਬਨ ਦੇ ਨਿਕਾਸ ਨੂੰ ਘੱਟ ਕਰਨ ਲਈ ਸਾਨੂੰ ਮੁਹਾਰਤ ਉਤੇ ਆਧਾਰਿਤ ਢੰਗ ਤਰੀਕੇ ਅਪਣਾਉਣੇ ਹੋਣਗੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ 50 ਫੀਸਦ ਤੋਂ ਵੱਧ ਬਿਜਲੀ ਦਾ ਉਤਪਾਦਨ ਕੋਇਲਾ ਆਧਾਰਿਤ ਪਲਾਂਟਾਂ ਵੱਲੋਂ ਕੀਤਾ ਜਾਂਦਾ ਹੈ । ਜਿਸ ਦਾ ਗਰੀਨ ਹਾਊਸ ਉਪਰ ਅਸਰ ਪੇਂਦਾ ਹੈ। ਉਨਾਂ੍ਰ ਨੇ ਇਸ ਗੱਲ ਉਤੇ ਖੁਸ਼ੀ ਪ੍ਰਗਟ ਕੀਤੀ ਕਿ ਭੇਲ ਨੇ ਸਵੱਛ ਕੋਲ ਤਕਨਾਲੌਜੀ ਵਾਸਤੇ ਵਧੀਆ ਉਪਕਰਣ ਵਿਕਸਿਤ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਸੌਰ ਊਰਜਾ ਨੂੰ ਉਤਸਾਹਿਤ ਕਰ ਰਹੀ ਹੈ ਤੇ 13ਵੀਂ ਪੰਜ ਸਾਲਾ ਯੋਜਨਾ ਦੇ ਅੰਤ ਤੱਕ 20 ਹਜ਼ਾਰ ਮੈਗਾਵਾਟ ਸੌਰ ਊਰਜਾ ਉਤਪਾਦਨ ਸਮਰੱਥਾ ਹਾਸਿਲ ਕਰਨ ਲਈ ਜਵਾਹਰ ਲਾਲ ਨਹਿਰੂ ਕੌਮੀ ਸੌਰ ਊਰਜਾ ਮਿਸ਼ਨ ਲਾਗੂ ਕੀਤਾ ਗਿਆ ਹੈ । ਇਸ ਮੌਕੇ ‘ਤੇ ਭਾਰੀ ਸਨਅਤਾਂ ਤੇ ਜਨਤਕ ਉਦੱਮਾਂ ਬਾਰੇ ਮੰਤਰੀ ਸ਼੍ਰੀ ਪ੍ਰਫੁੱਲ ਪਟੇਲ, ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ ਵੀ ਮੌਜੂਦ ਸਨ।