Skip to content
Independent perspectives. Global stories.
BREAKING

ਸੌਦਾ ਸਾਧ ਦੀ ਰਾਜਨੀਤੀ ’ਤੇ ਫੇਰਿਆ ਆਮ ਲੋਕਾਂ ਨੇ ਝਾੜੂ

Share this story

ਬਠਿੰਡਾ, 10 ਫਰਵਰੀ- ਹਰਿਆਣਾ ਵਿਧਾਨ ਸਭਾ ਦੀਆਂ ਦੀਆਂ ਚੋਣਾਂ ਤੋਂ ਬਾਅਦ ਹੁਣ ਦਿੱਲੀ ਚੋਣਾਂ ’ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਦਿੱਤੀ ਖੁੱਲ੍ਹੀ ਹਮਾਇਤ ਦਾ ਵੀ ਕੋਈ ਪ੍ਰਭਾਵ ਨਹੀਂ ਪਿਆ। ਡੇਰਾ ਪ੍ਰਬੰਧਕਾਂ ਵੱਲੋਂ ਦਾਅਵਿਆਂ ਦੇ ਬਾਵਜੂਦ ਵੀ ਰੱਬ ਦਾ ਦੂਤ (ਐਮ.ਐਸ.ਜੀ.) ਵੀ ਭਾਜਪਾ  ਦੀ ਸਿਆਸੀ ਸਾਖ਼ ਨੂੰ ਖੁਰਨ ਤੋਂ ਬਚਾਅ ਨਾ ਸਕਿਆ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਨੇ ਦਿੱਲੀ ਚੋਣਾਂ ’ਚ ਆਪਣੇ 10 ਲੱਖ ਸਮਰਥਕ ਹੋਣ ਦਾ ਦਾਅਵਾ ਕਰਦਿਆਂ, ਭਾਜਪਾ ਨੂੰ ਖੁੱਲ੍ਹੀ ਹਮਾਇਤ ਦਿੱਤੀ ਸੀ ਪਰ ਦੱਸੀ ਜਾਂਦੀ 10 ਲੱਖ ਵੋਟ ਕਿੱਧਰ ਗਈ? ਇਹ ਸਵਾਲ ਅੱਜ ਸਿਆਸੀ ਗਲਿਆਰਿਆਂ ਅੰਦਰ ਆਮ ਪੁੱਛਿਆ ਜਾ ਰਿਹਾ ਹੈ। ਹਰ ਚੋਣ ਤੋਂ ਪਹਿਲਾਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਕੰਪਿਊਟਰਾਂ ’ਚ ਦਰਜ ਵੇਰਵੇ ਵਿਖਾ ਕੇ ਇਹ ਭੁਲੇਖਾ ਪਾਉਣ ’ਚ ਹੁੰਦੇ ਰਹੇ ਸਨ ਕਿ ਪੰਜਾਬ, ਹਰਿਆਣਾ,

ਰਾਜਸਥਾਨ, ਦਿੱਲੀ ਅਤੇ ਹੋਰਨਾਂ ਖੇਤਰਾਂ ’ਚ ਉਹ ਕਿਸੇ ਵੀ ਧਿਰ ਨੂੰ ਲੱਖਾਂ ਦੀ ਗਿਣਤੀ ’ਚ ਵੋਟ ਭੁਗਤਾ ਕੇ ਜਿੱਤ-ਹਾਰ ਦਾ ਫ਼ੈਸਲਾ ਕਰ ਸਕਦੇ ਹਨ। ਡੇਰੇ ਦੇ ਇਸ ਮੱਕੜ ਜਾਲ ’ਚ ਫਸ ਕੇ ਉਤਰੀ ਭਾਰਤ ਦੇ ਇਨ੍ਹਾਂ ਰਾਜਾਂ ਦੇ ਵੱਡੇ ਵੱਡੇ ਆਗੂ ਜਿਥੇ ਡੇਰਾ ਮੁਖੀ ਅੱਗੇ ਨੱਕ ਰਗੜਦੇ ਅਤੇ ਡੰਡੋਤ ਵੰਦਨਾ ਕਰਦੇ ਵੇਖੇ ਜਾਂਦੇ ਰਹੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰੇ ਵੱਲੋਂ ਖੁੱਲ੍ਹੇ ਤੌਰ ’ਤੇ ਕਿਸੇ ਪਾਰਟੀ ਦੀ ਹਮਾਇਤ ਨਹੀਂ ਕੀਤੀ ਜਾਂਦੀ ਸੀ ਅਤੇ ਜਿਹੜੀ ਧਿਰ ਚੋਣਾਂ ’ਚ ਜੇਤੂ ਰਹਿੰਦੀ ਸੀ ਉਸ ਦੀ ਸਫਲਤਾ ਦਾ ਸਿਹਰਾ ਡੇਰਾ ਪ੍ਰਬੰਧਕ ਆਪਣੇ ਸਿਰ ਸਜਾ ਲੈਂਦੇ ਸਨ, ਪਰ ਹਰਿਆਣਾ ਵਿਧਾਨ ਸਭਾ ਚੋਣਾਂ ’ਚ  ਡੇਰਾ ਸਿਰਸਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਕਿਉਂਕਿ ਹਲਕਾ ਸਿਰਸਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਡੇਰਾ ਸਿਰਸਾ ਵੱਲੋਂ ਭਾਜਪਾ ਉਮੀਦਵਾਰਾਂ ਦੀ ਕੀਤੀ ਹਮਾਇਤ ਦੇ ਬਾਵਜੂਦ ਸਿਰਫ਼ ਇਕ ਹਲਕੇ ਟੋਹਾਣਾ ਤੋਂ ਹੀ ਭਾਜਪਾ ਉਮੀਦਵਾਰ ਨੂੰ ਸਫ਼ਲਤਾ ਮਿਲ ਸਕੀ ਸੀ। ਹੁਣ ਡੇਰਾ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਦਿੱਲੀ ਅੰਦਰ ਉਨ੍ਹਾਂ ਦੀ 10 ਲੱਖ ਵੋਟ ਹੈ, ਪਰ ਤਾਜ਼ਾ ਚੋਣ ਨਤੀਜਿਆਂ ਨੇ ਡੇਰੇ ਦੇ ਅਜਿਹੇ ਗੁੰਮਰਾਹਕੁਨ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਬਿੱਲੀ ਥੈਲੇ ’ਚੋਂ ਬਾਹਰ ਗਈ ਹੈ। ਉਕਤ ਦੋਵੇਂ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਨੇ ਡੇਰਾ ਸਿਰਸਾ ਦੇ ਉਸ ਪ੍ਰਭਾਵ ਨੂੰ ਲਗਾਤਾਰ ਖੋਰਾ ਲਾਇਆ, ਜਿਸ ਵਿੱਚ ਇਹ ਵਿਖਾਉਣ ਦੀ ਕੋਸ਼ਿਸ਼ ਸੀ ਕਿ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਹਮਾਇਤ ਬਿਨਾਂ ਕੋਈ ਸਿਆਸੀ ਜਮਾਤ ਸੱਤਾ ਦੇ ਨੇੜੇ ਨਹੀਂ ਪਹੁੰਚ ਸਕਦੀ। ਦੇਸ਼ ਦੇ ਰਾਜਨੀਤਕ ਭਵਿੱਖ ਲਈ ਇਹ ਵਰਤਾਅ ਇਕ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਪ੍ਰਭਾਵ ਪੰਜਾਬ ਦੀ ਰਾਜਨੀਕਤ ਦ੍ਰਿਸ਼ ਉਪਰ ਪੈਣ ਦੇ ਵੀ ਆਸਾਰ ਵਿਖਾਈ ਦੇਣ ਲੱਗੇ ਹਨ।

WRITTEN BY