ਸੰਗਰੂਰ, 29 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਦੇ ਮੁੱਖ ਮੰਤਰੀ ਸ .ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਅੜਿੱਕਾ ਪਾਉਣ ਦੀ ਕਾਂਗਰਸ ਦੀ ਕੋਸ਼ਿਸ਼ ਸਫ਼ਲ ਨਹੀ ਹੋਣ ਦਿੱਤੀ ਜਾਵੇਗੀ ਅਤੇ ਵਿਕਾਸ ਕਾਰਜ਼ਾਂ ਨੂੰ ਪੂਰੀ ਗਤੀ ਵਿੱਚ ਜਾਰੀ ਰੱਖਿਆ ਜਾਵੇਗਾ। ਅੱਜ ਧੂਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਗੇੜ ਦੇ ਸੰਗਤ ਦਰਸ਼ਨ ਦੇ ਆਖਰੀ ਦਿਨ ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਜਿੰਦਰ ਕੌਰ ਭੱਠਲ ਵੱਲੋਂ ਸੰਗਤ ਦਰਸ਼ਨਾਂ ਦੇ ਵਿਰੁੱਧ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦੇ ਬਿਆਨ ਉੱਤੇ ਟਿਪਣੀ ਕਰਦਿਆਂ ਸ. ਬਾਦਲ ਨੇ ਕਿਹਾ ਕਾਂਗਰਸੀ ਆਗੂਆਂ ਦਾ ਨਾ ਤਾਂ ਸੂਬੇ ਦੇ ਵਿਕਾਸ ਨਾਲ ਕੋਈ ਵਾਸਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਹੈ। ਸੰਗਤ ਦਰਸ਼ਨਾਂ ਰਾਹੀ
ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਆਪਣੀ ਜਿੰਮੇਵਾਰੀ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਹੁੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਸੱਤਾ ਵਿੱਚ ਆਏ ਹਨ ਉਨ੍ਹਾਂ ਨੇ ਸੰਗਤ ਦਰਸ਼ਨਾਂ ਰਾਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਇਲਾਵਾ ਉਨ੍ਹਾਂ ਦੀ ਵਿਕਾਸ ’ਚ ਭਾਈਵਾਲੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ ਕੀਤੀ ਹੈ ਅਤੇ ਜ਼ਮੀਨੀ ਪੱਧਰ ਉੱੇਤੇ ਜ਼ਮਹੂਰੀਅਤ ਨੂੰ ਮਜ਼ਬੂਤ ਬਣਾਉਣ ਦੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗਤ ਦਰਸ਼ਨਾਂ ਦੀ ਸਮੁੱਚੇ ਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਹੈ।
ਕਾਂਗਰਸ ਵੱਲੋਂ ਸੰਗਤ ਦਰਸ਼ਨਾਂ ਦੌਰਾਨ ਵਿਕਾਸ ਕਾਰਜ਼ਾਂ ਦਾ ਵਿਰੋਧ ਕਰਨ ੳੁੱਤੇ ਟਿੱਪਣੀ ਕਰਦੇ ਹੋਏ ਸ .ਬਾਦਲ ਨੇ ਕਿਹਾ ਕਿ ਕਾਂਗਰਸ ਨੇ ਖੁਦ ਪੰਜਾਬ ਵਿੱਚ ਵਿਕਾਸ ਨੂੰ ਗਤੀ ਤਾਂ ਕਿ ਦੇਣੀ ਸੀ, ਇਹ ਲਗਾਤਾਰ ਵਿਕਾਸ ਕਾਰਜ਼ਾ ਵਿੱਚ ਅੜਿੱਕੇ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਾਂਗਰਸ ਦੀਆਂ ਇਹਨਾਂ ਨੀਤੀਆਂ ਕਾਰਨ ਹੀ ਸੂਬੇ ਦੇ ਅਵਾਮ ਨੇ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਸੱਤਾ ਵਿੱਚ ਨਾ ਆ ਸਕਣ ਦੀਆਂ ਸੰਭਾਵਨਾਵਾਂ ਕਾਰਣ ਹੁਣ ਕਾਂਗਰਸੀ ਆਗੂ ਆਪਸ ਵਿੱਚ ਹੀ ਲੜਨ ਲੱਗੇ ਪਏ ਹਨ ਅਤੇ ਸੂਬੇ ਦੇ ਲੋਕਾਂ ਵੱਲ ਉਨ੍ਹਾਂ ਦਾ ਧਿਆਨ ਉੱਕਾ ਹੀ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਵਿਘਨ ਪਾਉਣ ਦੀਆਂ ਕਾਂਗਰਸ ਭਾਵੇਂ ਜਿੰਨੀਆ ਕੋਸ਼ਿਸ਼ਾਂ ਕਰਨ, ਉਨ੍ਹਾਂ ਦੀ ਸਿਹਤ ਤੇ ਕੋਈ ਅਸਰ ਨਹੀ ਹੈ ਅਤੇ ਉਹ ਵਿਕਾਸ ਨੂੰ ਪੂਰੀ ਤਰ੍ਹਾਂ ਜਾਰੀ ਰੱਖਣਗੇ। ਇਸ ਮੌਕੇ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ, ਸ. ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ਼ ਧੂਰੀ, ਸ. ਗੋਬਿੰਦ ਸਿੰਘ ਕਾਂਝਲਾ ਸਾਬਕਾ ਮੰਤਰੀ ਪੰਜਾਬ, ਸ. ਰਜਿੰਦਰ ਸਿੰਘ ਕਾਂਝਲਾ, ਸ .ਅਮਨਵੀਰ ਸਿੰਘ ਚੈਰੀ ਯੂਥ ਅਕਾਲੀ ਆਗੂ, ਸ. ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਸਿਵ ਕੁਮਾਰ ਵਰਮਾ, ਜ਼ਿਲ੍ਹਾ ਪੁਲਿਸ ਸ. ਮਨਦੀਪ ਸਿੰਘ ਸਿੱਧੂ, ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।



