ਫਤਿਹਗੜ੍ਹ ਸਾਹਿਬ, 28 ਜਨਵਰੀ (ਪੀ. ਟੀ.)- ‘‘ ਜੇਲ੍ਹਾਂ ਵਿਚ ਸਜਾ ਪੂਰੀ ਕਰ ਚੁੱਕੇ ਸਿੱਖਾਂ ਅਤੇ ਹੋਰਨਾਂ ਬੰਦੀਆਂ ਦੀ ਰਿਹਾਈ ਦੇ ਕੌਮੀ ਅਤੇ ਕਾਨੂੰਨੀ ਮਕਸਦ ਨੂੰ ਲੈ ਕੇ ਜੋ ਸ. ਸੂਰਤ ਸਿੰਘ ਖਾਲਸਾ 80 ਸਾਲਾਂ ਦੇ ਬਜੁਰਗ ਵੱਲੋਂ ਆਪਣੇ ਪਿੰਡ ਗ੍ਰਹਿ ਹਸਨਪੁਰ (ਲੁਧਿਆਣਾ) ਵਿਖੇ ਬੀਤੀ 16 ਜਨਵਰੀ ਤੋਂ ਭੁੱਖ ਹੜਤਾਲ ਰੱਖਦੇ ਹੋਏ ਸੰਘਰਸ਼ ਵਿਢਿਆ ਹੋਇਆ ਹੈ, ਉਹ ਉਹਨਾਂ ਨੇ ਆਪਣੇ ਗੁਰੂ ਸਾਹਿਬਾਨ ਤੋਂ ਸੇਧ ਲੈਂਦੇ ਹੋਏ ਮਨੁੱਖਤਾ ਦੀ ਬੇਹਤਰੀ ਲਈ ਕੁਰਬਾਨੀ ਭਰਿਆ ਰਾਹ ਚੁਣਿਆ ਹੈ ਨਾਂ ਕਿ ਆਪਣੇ ਕਿਸੇ ਨਿੱਜੀ ਮੁਫਾਦ ਲਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਿਥੇ ਸ. ਸੂਰਤ ਸਿੰਘ ਖਾਲਸਾ ਵੱਲੋਂ ਵਿੱਢੇ ਕੌਮੀ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਨਾਂ ਹੀ ਦਿੱਲੀ ਹਕੂਮਤ, ਸੈਂਟਰ ਦੀ ਮੋਦੀ ਹਕੂਮਤ ਅਤੇ ਨਾਂ ਹੀ ਪੰਜਾਬ ਦੀ ਬਾਦਲ ਬੀਜੇਪੀ ਹਕੂਮਤ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਬਿਆਨ ਪਾਰਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਜਾਰੀ ਕੀਤਾ ਗਿਆ ਹੈ।



