ਮੋਦੀ ਨੇ ਗਲੇ ਲਗਾ ਕੇ ਕੀਤਾ ਸਵਾਗਤ
ਨਵੀਂ ਦਿੱਲੀ, 25 ਜਨਵਰੀ (ਪੀ.ਟੀ. ਲਾਇਵ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੀ ਆਪਣੀ ਤਿੰਨ-ਦਿਨੀਂ ਯਾਤਰਾ ‘ਤੇ ਦਿੱਲੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕੋਲ ਤੋੜ ਕੇ ਬਰਾਕ ਓਬਾਮਾ ਦਾ ਸਵਾਗਤ ਕੀਤਾ। ਰਾਸ਼ਟਰਪਤੀ ਇਕ ਵੱਡੇ ਵਫਦ ਦੇ ਨਾਲ ਭਾਰਤ ਆਏ ਹਨ। ਜਿਸ ‘ਚ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਤੋਂ ਇਲਾਵਾ ਕਈ ਚੋਟੀ ਦੇ ਅਧਿਕਾਰੀ ਸ਼ਾਮਲ ਹਨ। ਉਹ ਇਸ ਸਾਲ ਭਲਕੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ। ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਮਾਣੂ ਗਤੀਰੋਧ ਨੂੰ ਖ਼ਤਮ ਕਰਨ ਲਈ ਅਲੱਗ ਤੌਰ ‘ਤੇ ਹੈਦਰਾਬਾਦ ਹਾਊਸ ‘ਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ।ਅਮਰੀਕਾ ਨੇ ਇਸ ਮੁਲਾਕਾਤ ਦਾ ਨਾਮ ‘ਵਾਕ ਐਂਡ ਟਾਕ‘ ਰੱਖਿਆ ਹੈ। ਸ਼ਾਮ ਨੂੰ ਓਬਾਮਾ
ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਮੁਖਰਜੀ ਉਨ੍ਹਾਂ ਦੇ ਸਨਮਾਨ ’ਚ ਡਿਨਰ ਦਿੱਤਾ। ਤਿੰਨ ਦਿਨਾਂ ਭਾਰਤ ਦੌਰੇ ’ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਾਸ਼ਟਰਪਤੀ ਭਵਨ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਓਬਾਮਾ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਓਬਾਮਾ ਦਾ ਆਪਣੇ ਮੰਤਰੀਆਂ ਅਤੇ ਉੱਘੇ ਅਧਿਕਾਰੀਆਂ ਨਾਲ ਮੁਲਾਕਾਤ ਕਰਵਾਈ । ਓਬਾਮਾ ਨੇ ਵੀ ਆਪਣੇ ਵਫਦ ਦੇ ਉੱਘੇ ਨੇਤਾਵਾਂ ਨਾਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਵਾਈ। ਵਾਈਟ ਹਾਊਸ ਨੇ ਓਬਾਮਾ ਦੀ ਭਾਰਤ ਯਾਤਰਾ ਦੇ ਬਾਰੇ ‘ਚ ਟਵੀਟ ਕੀਤਾ ਹੈ ਕਿ ‘ਰਾਸ਼ਟਰਪਤੀ ਓਬਾਮਾ ਦਾ ਗਣਤੰਤਰ ਦਿਵਸ ਮੌਕੇ ‘ਤੇ ਭਾਰਤ ਜਾਣਾ ਸਨਮਾਨ ਦੀ ਗੱਲ ਹੈ ਅਤੇ ਇਹ ਅਮਰੀਕਾ-ਭਾਰਤ ਸਬੰਧਾਂ ਲਈ ਨਵੇਂ ਪੜਾਅ ਦੀ ਸ਼ੁਰੂਆਤ ਹੋਵੇਗੀ, ਜੈ ਹਿੰਦ‘ । ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੇ ਪਿੱਪਲ ਦਾ ਪੌਦਾ ਵੀ ਲਗਾਇਆ।



