ਭੋਪਾਲ, 24 ਜਨਵਰੀ (ਪੀ. ਟੀ.)- ਸਾਬਕਾ ਸੰਸਦ ਅਤੇ ਕਾਂਗਰਸ ਦੇ ਉੱਘੇ ਨੇਤਾ ਰਾਜ ਬੱਬਰ ਨੇ ਅੱਜ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਕਥਨੀ ਅਤੇ ਕਰਨੀ ‘ਚ ਅੰਤਰ ਹੈ ਅਤੇ ਇਕ ਵਿਦੇਸ਼ੀ ਮਹਿਮਾਨ ਦੀ ਭਾਰਤ ਯਾਤਰਾ ਦੌਰਾਨ ਦੇਸ਼ ਦੇ ਆਕਾਸ਼ ਨੂੰ ਗਿਰਵੀ ਰੱਖਿਆ ਜਾ ਰਿਹਾ ਹੈ । ਭੋਪਾਲ ਨਗਰ ਨਿਗਮ ਚੋਣ ਲਈ ਘੋਸ਼ਣਾ ਪੱਤਰ ਜਾਰੀ ਕਰਨ ਤੋਂ ਬਾਅਦ ਬੱਬਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗਣਤੰਤਰ ਦਿਵਸ ‘ਤੇ ਵਿਦੇਸ਼ੀ ਮਹਿਮਾਨ ਆ ਰਿਹਾ ਹੈ ਪਰ ਮਹਿਮਾਨ ਦੀ ਯਾਤਰਾ ਦੌਰਾਨ ਸੁਰੱਖਿਆ ਦੇ ਨਾਮ ‘ਤੇ ਆਸਮਾਨ ਤੱਕ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਦੇਸ਼ੀ ਮਹਿਮਾਨ ਅਤੇ ਆਪਣੇ ਆਸਮਾਨ ਦੀ ਹਿਫ਼ਾਜ਼ਤ ਕਰਨਾ ਜਾਣਦੇ ਹਾਂ , ਸਾਨੂੰ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਸਾਨੂੰ ਕਿਸੇ ਮੁਲਕ ਦੀ ਤਾਕਤ ਦੀ ਜ਼ਰੂਰਤ ਵੀ ਨਹੀਂ ਹੈ।



