ਮੈਰੀਲੈਂਡ (ਯੂਐਸਏ), 22 ਜਨਵਰੀ (ਡਾ. ਗਿੱਲ)- ਮੈਰੀਲੈਂਡ ਸਟੇਟ ਦੇ ਪੁਰਾਣੇ ਗਵਰਨਰ ਮਾਰਟਿਨ ਓਮਾਲੀ ਦੀ ਮਿਆਦ ਖਤਮ ਹੁੰਦਿਆਂ ਹੀ ਅੱਜ ਮਿਸਟਰ ਲੈਰੀ ਹੋਗਨ ਰਿਪਬਲਿਕਨ ਗਵਰਨਰ ਮੈਰੀਲੈਂਡ ਨੇ 62ਵੇਂ ਗਵਰਨਰ ਵਜੋਂ ਸਹੁੰ ਚੁੱਕੀ। ਇਹ ਸਮਾਗਮ ਸੈਨੇਟ ਚੈਂਬਰ ਵਿਖੇ ਆਫੀਸ਼ਲ ਅਯੋਜਿਤ ਕੀਤਾ ਗਿਆ। ਸਹੁੰ ਚੁੱਕ ਸਮਾਗਮ ਉਪਰੰਤ ਉਨ੍ਹਾਂ ਨੇ ਸਟੇਟ ਦੀ ਕਿਤਾਬ ਵਿੱਚ ਆਪਣਾ ਨਾਮ 62ਵੇਂ ਗਵਰਨਰ ਵਜੋਂ ਦਰਜ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ, ਹੋਰ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਸਾਊਥ ਏਸ਼ੀਅਨਾਂ ਦੀ ਪ੍ਰਤੀਨਿਧਤਾ ਕਰਦੇ ਸ. ਜਸਦੀਪ ਸਿੰਘ ਜੈਸੀ ਅਤੇ ਜਨਾਬ ਸਾਜਿਦ ਤਾਰਾਰ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਾਡੇ ਵਿਸ਼ੇਸ਼ ਪ੍ਰਤੀਨਿਧ ਡਾ. ਸੁਰਿੰਦਰ ਸਿੰਘ ਗਿੱਲ
ਨੇ ਸਹੁੰ ਚੁੱਕ ਸਮਾਗਮ ਉਪਰੰਤ ਲੈਰੀ ਹੋਗਨ ਨਾਲ ਮੈਰੀਲੈਂਡ ਦੀ ਬੇਹਤਰੀ ਸਬੰਧੀ ਸਵਾਲ ਕੀਤੇ, ਜਿਨ੍ਹਾਂ ਦਾ ਜਵਾਬ ਦੇਂਦਿਆਂ ਗਵਰਨਰ ਲੈਰੀ ਹੋਗਨ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੀ ਮਜ਼ਬੂਤ ਟੀਮ ਨੂੰ ਵੱਖ-ਵੱਖ ਕੰਮਾਂ ਦੀ ਵੰਡ ਕਰਨਗੇ। ਉਪਰੰਤ ਸਟੇਟ ਦੀ ਬਿਹਤਰੀ ਲਈ ਉਨ੍ਹਾਂ ਨੂੰ ਆਪਣੇ ਕਾਰਜਾਂ ਲਈ ਮੈਰੀਲੈਂਡ ਕਮਿਉਨਿਟੀ ਨੂੰ ਜਵਾਬਦੇਹ ਹੋਣਗੇ। ਉਨ੍ਹਾਂ ਕਿਹਾ ਕਿ ਟੈਕਸਾਂ ਦੇ ਬੋਝ ਨੂੰ ਹਲਕਾ ਕਰਨ ਲਈ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਰਾਹਤ ਦੇਣ ਲਈ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਮੈਰੀਲੈਂਡ ਨੂੰ ਉਤਮ ਸਟੇਟ ਬਣਾਉਣ ਸਬੰਧੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਆਉਂਦੇ ਕੁਝ ਮਹੀਨਿਆਂ ਵਿੱਚ ਹੀ ਤਬਦੀਲੀ ਦਾ ਅਹਿਸਾਸ ਕਰਵਾਉਣਗੇ ਜੋ ਮੇਰੇ ਲਈ ਤਾਰੀਫ ਦਾ ਪਹਿਲਾ ਰਸਤਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਕਮਿਉਨਿਟੀ ਵੱਲੋਂ ਦਰਜ ਕੀਤੀ ਸ਼ਮੂਲੀਅਤ ਮੇਰੇ ਲਈ ਪ੍ਰੇਰਨਾ ਵੀ ਹੈ ਅਤੇ ਸਹਿਯੋਗ ਵੀ, ਜਿਸ ਲਈ ਮੈਂ ਸਦਾ ਇਸ ਕਮਿਉਨਿਟੀ ਦਾ ਰਿਣੀ ਰਹਾਂਗਾ। ਸਮੁੱਚੇ ਤੌਰ ’ਤੇ ਖੂਬਸੂਰਤ ਸਮਾਗਮ ਸਾਰੀਆਂ ਪਾਰਟੀਆਂ ਲਈ ਵਧੀਆ ਰੰਗ ਬਿਖੇਰ ਗਿਆ।



