ਅੰਮ੍ਰਿਤਸਰ, 19 ਜਨਵਰੀ (ਸੁਨੀਲ ਗੁਪਤਾ, ਰਾਜੇਸ਼ ਮਲਹੋਤਰਾ)- ਇੱਕ ਪਾਸੇ ਥਾਣਾ ਗੇਟ ਹਕੀਮਾਂ ਦੂਜੇ ਪਾਸੇ ਥਾਣਾ ਸੀ ਡਵੀਜ਼ਨ ਅਤੇ ਚੋਂਕ ਭਗਤਾਂਵਾਲੇ ਦੇ ਵਿੱਚ ਪੁਲਿਸ ਦਾ ਸਖਤ ਪਹਿਰਾ ਹੋਣ ਦੇ ਬਾਵਜੂਦ ਜ਼ੁਲਮ ਕਰਨ ਵਾਲਿਆਂ ਦੇ ਤਾਂ ਵਾਰੇ ਨਿਆਰੇ ਹਨ। ਅਜਿਹੇ ਅਨਸਰਾਂ ਨੇ ਅੱਜ ਕਰੀਬ ਡੇਢ ਵਜੇ ਚੋਂਕ ਭਗਤਾਂਵਾਲਾ ਵਿਖੇ ਗੋਲੀਆਂ ਚਲਾ ਕੇ ਪੂਰੇ ਸ਼ਹਿਰ ਦੀ ਜਨਤਾ ਨੂੰ ਸੋਚਣ ਵਿੱਚ ਮਜਬੂਰ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਹੋਏ ਨਗਰ ਨਿਗਮ ਯੂਨੀਅਨ ਦੇ ਨੇਤਾ ਕੇਵਲ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਦਾ ਝਗੜਾ ਟੈਂਪੂ ਅੱਗੇ-ਪਿੱਛੇ ਕਰਨ ਕਰਕੇ ਹੋਇਆ ਸੀ। ਮੈਂ ਅਤੇ ਮੇਰੇ ਇਲਾਕੇ ਦੇ ਲੜਕੇ ਇਸ ਝਗੜੇ ਨੂੰ ਛਡਾਉਣ ਦੇ ਲਈ ਅੱਗੇ ਆਏ ਤਾਂ ਮੂਲੇਚੱਕ ਦੇ ਲੜਕੇ ਜੱਟ, ਲੱਡੂ, ਭੀਲ, ਅਤੇ ਅਮਨ ਨੇ ਟੈਂਪੂ ਵਿੱਚੋਂ
ਪਿਸਤੋਲਾਂ ਕੱਢ ਕੇ ਗੋਲੀਆਂ ਚਲਾਉੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਥਾਣਾ ਸੀ ਡਵੀਜਨ ਦੇ ਏ.ਸੀ.ਪੀ. ਸਾਊਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਫਰਾਰ ਹਨ। ਪਰ ਭਗਤਾਂਵਾਲੇ ਚੋਂਕ ਦੇ ਨਿਵਾਸੀ ਅਤੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ ਕਿ ਟੈਂਪੂ ਚਾਲਕਾਂ ਦੇ ਕੋਲ ਵੀ ਹਥਿਆਰ ਹਨ।



