ਫਰੈਂਕਫਰਟ (ਜਰਮਨੀ), 18 ਜਨਵਰੀ (ਪੀ. ਟੀ.)- ਜਰਮਨੀ ’ਚ ਪਿੱਛਲੇ ਦਿਨਾਂ ਤੋਂ ਸੀਰੀਆ ਤੇ ਇਰਾਕ ਦੇਸ਼ਾਂ ਦੇ ਘਰੋਗੀ ਖਾਨਾਜੰਗੀ, ਅੱੜਤਵਾਦ ਦੇ ਸਤਾਏ ਲੋਕ ਸ਼ਰਨ ਲੈਣ ਲਈ ਜਰਮਨ ਆ ਰਹੇ ਹਨ। ਇਨ੍ਹਾਂ ਹਿੱਜ਼ਰਤਕਾਰੀਆਂ ਦੇ ਆਉਣ ਤੇ ਵੱਖ-ਵੱਖ ਸ਼ਹਿਰਾਂ ਚ ਵਿਰੋਧ ਕਰਦੇ ਮੁਜ਼ਾਹਰੇ ਵੀ ਹੋਏ। ਪਰ ਮਾਨਹਾਈਮ ਸ਼ਹਿਰ ਵਾਸੀਆਂ ਨੇ ਹਿੱਜ਼ਰਤਕਾਰੀਆਂ, ਸ਼ਰਨਾਰਥੀਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਕਿਹਾ 2 ਮਾਨਹਾਈਮ ਆਖਦਾ ਹਾਂ 2 ਦੇ ਮਾਟੋ ਹੇਠ ਬੀਤੀ ਸ਼ਾਮ ਬਹੁਤ ਵੱਡਾ ਮੁਜ਼ਾਹਰਾ ਕੀਤਾ ਜਿਸ ਵਿਚ 12 ਹਜ਼ਾਰ ਲੋਕਾਂ ਨੇ ਸ਼ਮੂਲੀਅਤ ਕੀਤੀ! ਮੁਜ਼ਾਹਰੇ ਚ ਸਿਆਸੀ, ਧਾਰਮਿਕ, ਸਮਾਜਸੇਵੀ, ਕਿਰਤੀ ਸੰਗਠਨਾਂ ਤੋਂ ਇਲਾਵਾ ਵੱਖ.ਵੱਖ ਦੇਸ਼ਾਂ ਦੇ ਸ਼ਹਿਰ ਚ ਵਸਦੇ ਲੋਕ ਵੀ ਸ਼ਾਮਲਿ ਹੋਏ। ਬੈਨਰਾਂ ਤੇ
ਲਿਖਿਆ ਸੀ ਮਾਨਹਾਈਮ ਬਹੁਰੰਗਾ। ਮੁਜ਼ਾਹਰਾ ਮਾਨਹਾਈਮ ਸ਼ਲੋਸ ਤੋਂ ਸ਼ੁਰੂ ਹੋਇਆ ਤੇ ਅਲਟੇਮੈਸ ਪਲਾਟਜ਼ ਪਹੁੰਚਿਆ ਜਿੱਥੇ ਵਿਸ਼ਾਲ ਰੈਲੀ ਕੀਤੀ ਗਈ। ਸੂਬਾ ਬਾਦਨ ਵੁਰਟੇਮਬੁਰਗ ਦੀ ਰਾਜ ਮੰਤਰੀ ਸਿਲਕੇ ਕਰੈਬਸ ਨੇ ਮੁੱਖ ਮੰਤਰੀ ਵਿੰਨਫਰੀਡ ਕਰਿਚਮਾਨ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿਚ ਉਨ੍ਹਾਂ ਨੇ ਮਨਹਾਈਮ ਵਾਸੀਆਂ ਦਾ ਧੰਨਵਾਦ ਕੀਤਾ। ਸ਼ਹਿਰ ਦੇ ਮੇਅਰ ਡਾ. ਪੀਟਰ ਕੁਰਸ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਦਾ ਦਿਨ ਵਿਸ਼ੇਸ਼ ਦਿਨ ਹੈ ਕਿਉਂਕਿ ਮਾਨਹਾਈਮ ਨੇ ਅਪਣੀ ਰਵਾਇਤ ਦਿਖਾਈ ਹੈ। ਸਾਨੂੰ ਫਖਰ ਹੈ। ਇਹ ਸ਼ਹਿਰ ਸੰਸਾਰ ਲਈ ਖੁੱਲ੍ਹਾ ਸ਼ਹਿਰ ਹੈ। ਅੱਜ ਦਾ ਮੁਜ਼ਾਹਰਾ ਨਫਰਤ, ਡਰ ਤੇ ਧੱਕੇਸ਼ਾਹੀ ਦੇ ਖਿਲਾਫ ਸੱਦਾ ਦਿੰਦਾ ਹੈ। ਅਸੀਂ ਸ਼ਹਿਰ ਨੂੰ ਪੁਰ ਅਮਨ ਰੱਖਣਾ ਹੈ। ਇਸ ਮੌਕੇ ਇਸਾਈ, ਮੁਸਲਿਮ, ਯਹੂਦੀ ਧਰਮਾਂ ਦੇ ਪ੍ਰਤੀਨਿੱਧਾ ਨੇ ਵੀ ਸੰਬੋਧਨ ਕੀਤਾ। ਗਰੀਨ ਪਾਰਟੀ ਦੇ ਆਗੂ ਮੁਜ਼ਾਹਰਾ ਪ੍ਰਬੰਧਕ ਗਰਹਾਰਡ ਫਾਂਨਟਾਗਨੀਅਰ ਨੇ ਮੁਜ਼ਾਹਰਾਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਮੈਨੂੰ ਮਾਣ ਹੈ ਇਸ ਸ਼ਹਿਰ ਬਾਰੇ। ਹਿੱਜ਼ਰਤਕਾਰੀ, ਸ਼ਰਨਾਰਥੀਆਂ ਨੂੰ ਜੀ ਆਇਆ ਆਖਦੇ ਹਾਂ।



