Skip to content
Independent perspectives. Global stories.
BREAKING

ਸਿੱਖਿਆ ਮੰਤਰੀ ਵੱਲੋਂ ਸਿੱਖਿਆ ਸੁਧਾਰਾਂ ਲਈ ਹੇਠਲੇ ਪੱਧਰ ਤੱਕ ਸੰਪਰਕ ਮੁਹਿੰਮ ਦੀ ਸ਼ੁਰੂਆਤ

Share this story

ਪ੍ਰਾਇਮਰੀ ਸਕੂਲਾਂ ਵਿੱਚ ਉਸਾਰੂ ਵਿਦਿਅਕ ਢਾਂਚਾ ਸਿਰਜਿਆ ਜਾਵੇਗਾ: ਡਾ. ਚੀਮਾ
ਮੁਹਾਲੀ ਜ਼ਿਲ੍ਹੇ ਤੋਂ ਕੀਤੀ ਸ਼ੁਰੂਆਤ, ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

Page-1_17 ਐਸ.ਏ.ਐਸ.ਨਗਰ (ਮੁਹਾਲੀ), 18 ਜਨਵਰੀ (ਪੀ. ਟੀ.)- ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਿੱਖਿਆ ਸੁਧਾਰਾਂ ਵਿੱਚ ਹੋਰ ਤੇਜ਼ੀ ਲਿਆਉਣ, ਸੂਬੇ ਵਿੱਚ ਅਕਾਦਮਿਕ ਮਾਹੌਲ ਸਿਰਜਣ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਅਹਿਦ ਨਾਲ ਹੇਠਲੇ ਪੱਧਰ ਤੱਕ ਸਕੂਲ ਮੁਖੀਆਂ ਤੱਕ ਰਾਬਤਾ ਕਾਇਮ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੁਹਾਲੀ ਜ਼ਿਲੇ ਤੋਂ ਕੀਤੀ ਜਦੋਂ ਡਾ. ਚੀਮਾ ਨੇ ਮੁਹਾਲੀ ਜ਼ਿਲੇ ਵਿੱਚ ਪ੍ਰਾਇਮਰੀ ਸਕੂਲਾਂ ਨਾਲ ਸਬੰਧਤ ਸਾਰੇ ਸਕੂਲ ਮੁਖੀਆਂ ਨਾਲ ਸਿੱਖਿਆ ਭਵਨ, ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਚਾਰ ਘੰਟੇ ਲੰਬੀ ਮੈਰਾਥਨ ਮੀਟਿੰਗ ਕਰਦਿਆਂ ਸਿੱਖਿਆ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸਿੱਖਿਆ ਮੰਤਰੀ ਵੱਲੋਂ ਬੀਤੀ ਸ਼ਾਮ ਕੀਤੀ ਇਸ ਪਲੇਠੀ, ਵਿਲੱਖਣ ਤੇ ਅਹਿਮ ਮੀਟਿੰਗ ਵਿੱਚ ਵਿਚਾਰਾਂ ਦੇ ਖੁੱਲ੍ਹੇ ਕੇ ਆਦਾਨ ਪ੍ਰਦਾਨ ਹੋਇਆ ਜਿਸ ਕਾਰਨ ਮੈਰਾਥਨ ਚੱਲੀ ਇਹ ਮੀਟਿੰਗ ਬੀਤੀ ਦੇਰ ਸ਼ਾਮ ਸਮਾਪਤ ਹੋਈ। ਇਸ ਮੀਟਿੰਗ ਵਿੱਚ ਜ਼ਿਲਾ ਪੱਧਰ ਦੇ ਪ੍ਰਾਇਮਰੀ ਸਿੱਖਿਆ ਨਾਲ ਜੁੜੇ 300 ਦੇ ਕਰੀਬ ਅਧਿਆਪਕ ਤੇ ਸਿੱਖਿਆ ਅਧਿਕਾਰੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਜ਼ਿਲੇ ਦੇ ਸਮੂਹ ਬਲਾਕ

ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓਜ਼), ਸੈਂਟਰ ਹੈਡ ਟੀਚਰ (ਸੀ.ਐਚ.ਟੀ.) ਹੈਡ ਟੀਚਰ (ਐਚ.ਟੀ.) ਸ਼ਾਮਲ ਸਨ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਹੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ ਜਿਸ ਵਿੱਚ ਸੁਧਾਰ ਕੀਤੇ ਬਿਨਾਂ ਸਿੱਖਿਆ ਸੁਧਾਰ ਦੀ ਗੱਲ ਕਰਨੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਇਸੇ ਗੱਲ ਨੂੰ ਸਮਝਦਿਆਂ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨਾਲ ਸਿੱਧੇ ਸੰਪਰਕ ਕਾਇਮ ਕਰ ਕੇ ਹੇਠਲੇ ਪੱਧਰ ’ਤੇ ਦਰਪੇਸ਼ ਸਮੱਸਿਆਵਾਂ ਚਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਨੂੰ ਪੜ੍ਹਾਈ ਲਈ ਆਦਰਸ਼ ਬਣਾਉਂਦਿਆਂ ਉਸਾਰੂ ਵਿਦਿਅਕ ਢਾਂਚਾ ਕਾਇਮ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਾਰ ਕਰਦਿਆਂ ਆਂਗਣਵਾੜੀ ਸੈਂਟਰਾਂ ਬਾਰੇ ਚਰਚਾ ਹੋਈ ਕਿ ਸਰਕਾਰੀ ਸਕੂਲਾਂ ਵਿੱਚ ਨਰਸਰੀ, ਕੇ.ਜੀ. ਕਲਾਸਾਂ ਦੀ ਅਣਹੋਂਦ ਕਾਰਨ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਵਧੇਰੇ ਹੁੰਦਾ ਹੈ। ਜਿਸ ’ਤੇ ਡਾ. ਚੀਮਾ ਨੇ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਉਹ ਵਿਸ਼ੇਸ਼ ਧਿਆਨ ਦੇਣਗੇ ਅਤੇ ਸਬੰਧਤ ਵਿਭਾਗ ਨਾਲ ਗੱਲਬਾਤ ਕਰ ਕੇ ਇਸ ਦੇ ਸਾਰਥਿਕ ਹੱਲ ਲੱਭਣਗੇ। ਛੋਟੇ ਬੱਚਿਆਂ ਲਈ ਸੁਖਾਲਾ ਤੇ ਸਰਲ ਸਿਲੇਬਸ ਬਣਾਉਣ ਬਾਰੇ ਵਿਚਾਰ ਕਰਦਿਆਂ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਸੁਝਾਅ ਦੇਣ ਤਾਂ ਜੋ ਆਗਾਮੀ ਸੈਸ਼ਨ ਲਈ ਸਿਲੇਬਸ ਵਿੱਚ ਢੁੱਕਵੇਂ ਬਦਲਾਅ ਕੀਤੇ ਜਾਣ। ਉਨ੍ਹਾਂ ਇਸ ਕੰਮ ਦਾ ਜ਼ਿੰਮਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਤੇ ਐਸ.ਸੀ.ਈ.ਆਰ.ਟੀ. ਨੂੰ ਸੌਂਪਦਿਆਂ ਕਿਹਾ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਹੀ ਬਿਹਤਰ ਨਤੀਜੇ ਨਿਕਲ ਸਕਦੇ ਹਨ।
ਡਾ.ਚੀਮਾ ਨੇ ਅਧਿਆਪਕਾਂ ਨੂੰ ਵਿਭਾਗੀ ਤਰੱਕੀਆਂ ਸਮੇਂ ਸਿਰ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਰੱਕੀਆਂ ਦਾ ਸਮੇਂ ਸਿਰ ਕਰਨੀਆਂ ਯਕੀਨੀ ਬਣਾਈਆਂ ਜਾਣ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਨੂੰ ਵਧੇਰੇ ਉਤਸ਼ਾਹਤ ਕਰਨ ’ਤੇ ਜ਼ੋਰ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਲਈ ਲੋੜੀਂਦਾ ਖੇਡ ਢਾਂਚਾ ਤਿਆਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਿਆ ਜਾਵੇ।
ਸਰਕਾਰੀ ਤੇ ਪ੍ਰਾਇਮਰੀ ਸਕੂਲਾਂ ਬਾਰੇ ‘ਅਸਰ 2014’ ਵੱਲੋਂ ਤਿਆਰ ਕੀਤੀ ਸਰਵੇਖਣ ਰਿਪੋਰਟ ’ਤੇ ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਇਸ ਰਿਪੋਰਟ ਲਈ ਬਹੁਤ ਘੱਟ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਨਾਲ ਸਹੀ ਅੰਕੜੇ ਸਾਹਮਣੇ ਨਹੀਂ ਆਏ। ਇਸ ਸਬੰਧੀ ਸਿੱਖਿਆ ਮੰਤਰੀ ਨੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤੇ ਕਿ ਇਕ ਟੀਮ ਤਿਆਰ ਕਰ ਕੇ ਅਸਰ ਵੱਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਹਰ ਜ਼ਿਲੇ ਦੇ 20 ਸਕੂਲਾਂ ਵਿੱਚ ਸਰਵੇਖਣ ਕਰ ਕੇ ਰਿਪੋਰਟ ਤਿਆਰ ਕੀਤੀ ਜਾਵੇ।
ਇਸ ਮੌਕੇ ਸਿੱਖਿਆ ਮੰਤਰੀ ਨੇ ਡੀ.ਈ.ਓ. (ਸਸ) ਨੂੰ ਇਹ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਮਜ਼ਦੂਰਾਂ ਖਾਸ ਕਰ ਕੇ ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਕੋਈ ਵੀ ਬੱਚਾ ਸਿੱਖਿਆ ਤੋਂ ਮਹਿਦੂਦ ਨਹੀਂ ਰਹਿ ਸਕਦਾ। ਇਸ ਮੌਕੇ ਪ੍ਰਵੇਸ਼ ਪ੍ਰਾਜੈਕਟ ਬਾਰੇ ਚਰਦਾ ਕਰਦਿਆਂ ਡਾ.ਚੀਮਾ ਨੇ ਇਸ ਗੱਲ ਦੀ ਸਲਾਹੁਤਾ ਕੀਤਾ ਕਿ ਇਸ ਵੱਕਾਰੀ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਵਿੱਚ ਸਿਖਣ ਦੀ ਕਲਾ, ਕਲਾਤਮਿਕ ਰੁਚੀਆਂ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵੱਲ ਰੁਝਾਨ ਪੈਦਾ ਹੋਇਆ ਜਿਸ ਦੇ ਸਾਰਥਿਕ ਨਤੀਜੇ ਨਿਕਲੇ ਹਨ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ 3ਬੀ1 ਦੇ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਇਸ ਤੋਂ ਪਹਿਲਾਂ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਦਰਸ਼ਨ ਕੌਰ ਨੇ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਦੀ ਸਿੱਖਿਆ ਮੰਤਰੀ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਿਲੇਬਸ ਵਿੱਚ ਸਾਰਥਿਕ ਸੋਧਾਂ, ਫਰਨੀਚਰ ਦੀ ਲੋੜ, ਸਮਾਂਬੱਧੀ ਤਰੱਕੀਆਂ, ਖੇਡਾਂ ਲਈ ਬੁਨਿਆਦੀ ਢਾਂਚਾ, ਕਲੈਰੀਕਲ ਸਟਾਫ ਦੀ ਘਾਟ ਆਦਿ ਬਾਰੇ ਚਰਚਾ ਹੋਈ ਜਿਸ ’ਤੇ ਸਿੱਖਿਆ ਮੰਤਰੀ ਨੇ ਇਨ੍ਹਾਂ ਵਿੱਚ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਹੀ ਸਿੱਖਿਆ ਢਾਂਚੇ ਦੀ ਨੀਂਹ ਹੈ ਜਿਸ ਵਿੱਚ ਬਿਹਤਰ ਕੰਮ ਕਰ ਕੇ ਹੀ ਸੈਕੰਡਰੀ ਪੱਧਰ ’ਤੇ ਵਧੀਆ ਨਤੀਜੇ ਹਾਸਲ ਕਰ ਸਕਦੇ ਹਾਂ। ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਡਾ.ਗੁਰਜੀਤ ਸਿੰਘ ਨੇ ਜ਼ਿਲੇ ਦੇ ਕੰਮਾਂ ਅਤੇ ਪ੍ਰਬੰਧਕੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕੋਈ ਵੀ ਏ.ਸੀ.ਪੀ., ਸੇਵਾਮੁਕਤੀ ਲਾਭਾਂ, ਮੈਡੀਕਲ ਕਲੇਮ ਅਤੇ ਆਡਿਟ ਪੈਰਿਆਂ ਦਾ ਕੰਮ ਬਾਕ ਨਹੀਂ ਪਿਆ। ਇਸ ਮੌਕੇ ਐਸ.ਸੀ.ਈ.ਆਰ.ਟੀ. ਦੀ ਡਾਇਰੈਕਟਰ ਸ੍ਰੀਮਤੀ ਪੰਕਜ ਸ਼ਰਮਾ, ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ ਸ੍ਰੀ ਨਿਰੰਜਣ ਸਿੰਘ ਤੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸ੍ਰੀ ਮੇਵਾ ਸਿੰਘ ਸਿੱਧੂ ਵੀ ਹਾਜ਼ਰ ਸਨ।

WRITTEN BY