Skip to content
Independent perspectives. Global stories.
BREAKING

ਡਾ. ਚੀਮਾ ਵੱਲੋਂ ਸਿੱਖਿਆ ਵਿਭਾਗ ਦੇ ਕੰਮਕਾਜ ਦੇ ਮੁਲਾਂਕਣ ਸਬੰਧੀ ਡੀ.ਈ.ਓਜ਼ ਨਾਲ ਮੀਟਿੰਗ

Share this story

ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਨਕਲ ਰੋਕੋ ਅਭਿਆਨ ਨੂੰ ਵਧੇਰੇ ਕਾਰਗਾਰ ਬਣਾਉਣ ਦੀਆਂ ਹਦਾਇਤਾਂ

Page-1_03 ਜਲੰਧਰ/ਚੰਡੀਗੜ੍ਹ/ਮੁਹਾਲੀ, 13 ਜਨਵਰੀ- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ) ਨਾਲ ਮੀਟਿੰਗ ਕਰ ਕੇ ਆਗਾਮੀ ਵਿਦਿਅਕ ਸੈਸ਼ਨ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਮੁਕੰਮਲ ਬੁਨਿਆਦੀ ਢਾਂਚੇ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਲਾਨਾ ਯੋਜਨਾ ਬਣਾਉਣ ਸਬੰਧੀ ਚਰਚਾ ਕੀਤੀ ਗਈ। ਸਿੱਖਿਆ ਭਵਨ ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਵਿਭਾਗ ਦੇ ਕੰਮਕਾਜ ਦਾ ਨਿਰੀਖਣ ਕੀਤਾ ਗਿਆ। ਇਸ ਦੇ ਨਾਲ ਹੀ ਆਗਾਮੀ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਨਕਲ ਰੋਕੋ ਅਭਿਆਨ ਨੂੰ ਹੋਰ ਵਧੇਰੇ ਕਾਰਗਾਰ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।  ਡਾ.ਚੀਮਾ ਨੇ ਸਮੂਹ ਡੀ.ਈ.ਓਜ਼ ਨੂੰ

ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਜ਼ਿਲ੍ਹਿਆਂ ਦਾ ਮੁਕੰਮਲ ਡਾਟਾ ਤਿਆਰ ਕੀਤਾ ਜਾਵੇ ਜਿਸ ਵਿੱਚ ਸਕੂਲਾਂ ਤੇ ਵਿਦਿਆਰਥੀਆਂ ਦੀ ਗਿਣਤੀ ਸਮੇਤ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਅੱਗਰਵਾਲ, ਡੀ.ਪੀ.ਆਈ.(ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਦਰਸ਼ਨ ਕੌਰ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਸ੍ਰੀ ਜੇ.ਪੀ.ਸਿੰਘ, ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗਿੰਨੀ ਦੁੱਗਲ ਆਦਿ ਹਾਜ਼ਰ ਸਨ।
ਸਿੱਖਿਆ ਮੰਤਰੀ ਨੇ ਜ਼ਿਲਾ ਅਧਿਕਾਰੀਆਂ ਨੂੰ ਸਿਲੇਬਸ ਪੁਸਤਕਾਂ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਹਰ ਡੀ.ਈ.ਓ. ਨੂੰ ਨਿਰਦੇਸ਼ ਦਿੱਤੇ ਕਿ ਹਰ ਡੀ.ਈ.ਓ. ਆਪੋ-ਆਪਣੇ ਜ਼ਿਲੇ ਵਿੱਚ ਹਰ ਵਿਸ਼ੇ ਦੇ ਇਕ-ਇਕ ਮਾਹਿਰ ਅਧਿਆਪਕ ਦੀ ਚੋਣ ਕਰ ਕੇ ਸਿਲੇਬਸ ਪੁਸਤਕਾਂ ਦਾ ਅਧਿਐਨ ਕਰੇ। ਵਿਦਿਆਰਥੀਆਂ ਦੀ ਲੋੜ ਅਤੇ ਸੁਖਾਲੇਪਣ ਨੂੰ ਦੇਖਦਿਆਂ ਹਰ ਵਿਸ਼ੇ ਦੀ ਸਿਲੇਬਸ ਪੁਸਤਕ ਸਬੰਧੀ ਹਰ ਜ਼ਿਲਾ 10-10 ਸੁਝਾਅ ਭੇਜੇ ਜਾਣ ਤਾਂ ਜੋ ਅਗਲੇ ਵਿਦਿਅਕ ਸੈਸ਼ਨ ਵਿੱਚ ਇਸ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਪੰਜਵੀਂ ਤੇ ਦਸਵੀਂ ਜਮਾਤ ਦੀਆਂ ਸਿਲੇਬਸ ਪੁਸਤਕਾਂ ਨੂੰ ਲਿਆ ਜਾਵੇ। ਡਾ.ਚੀਮਾ ਨੇ ਡੀ.ਈ.ਓਜ਼ ਨੂੰ ਕਿਹਾ ਕਿ ਕਰੀਅਰ ਗਾਈਡੈਂਸ ਕਾਊਂਸਲਰ ਸੈਲ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸਕੂਲ ’ਤੇ ਜ਼ੋਰ ਦਿੱਤਾ ਜਾਵੇ। ਇਸ ਤੋਂ ਇਲਾਵਾ ਸਾਰੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਮੋਬਾਈਲ ਨੰਬਰਾਂ ਦਾ ਡਾਟਾ ਤਿਆਰ ਕਰ ਕੇ ਮੁੱਖ ਦਫਤਰ ਭੇਜਿਆ ਜਾਵੇ ਤਾਂ ਜੋ ਇਸ ਸੈਸ਼ਨ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਐਸ.ਐਮ.ਐਸ. ਅਲਰਟ ਰਾਹੀਂ ਉਚ ਵਿਦਿਆ ਦੇ ਪੇਸ਼ੇਵਾਰ ਕੋਰਸਾਂ ਵਿੱਚ ਦਾਖਲੇ ਸਬੰਧੀ ਘਰ ਬੈਠਿਆਂ ਜਾਣਕਾਰੀ ਦਿੱਤੀ ਜਾਵੇ। ਡਾ.ਚੀਮਾ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਜ਼ਿਲਾ ਪੱਧਰ ’ਤੇ ਸਕੂਲਾਂ ਦੀ ਨਿਰੰਤਰ ਚੈਕਿੰਗ ਦਾ ਜ਼ਿੰਮਾ ਸੰਭਾਲਣ ਤਾਂ ਜੋ ਸਕੂਲਾਂ ਵਿੱਚ ਬਿਹਤਰ ਅਕਾਦਮਿਕ ਮਾਹੌਲ ਸਿਰਜਿਆ ਜਾਵੇ। ਉਨ੍ਹਾਂ ਡੀ.ਈ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਜ਼ਿਲਾ ਪੱਧਰ ’ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਸਮੱਸਿਆ ਦਾ ਹੱਲ ਨੂੰ ਪਹਿਲ ਦੇਣ ਤਾਂ ਜੋ ਕਿਸੇ ਨੂੰ ਵੀ ਆਪਣੇ ਕੰਮ ਲਈ ਮੁੱਖ ਦਫਤਰ ਨਾ ਆਉਣ ਪਵੇ। ਉਨ੍ਹਾਂ ਕਿਹਾ ਕਿ ਇਸ ਲਈ ਉਹ ਹਫਤੇ ਵਿੱਚ ਇਕ ਦਿਨ ਨਿਸ਼ਚਿਤ ਕਰ ਕੇ ਸ਼ਿਕਾਇਤਾਂ ਸੁਣਨ। ਆਗਾਮੀ ਸਾਲਾਨਾ ਪ੍ਰੀਖਿਆਵਾਂ ਨੂੰ ਦੇਖਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਕਲ ਨੂੰ ਜੜ੍ਹੋਂ ਖਤਮ ਕਰਨ ਲਈ ‘ਨਕਲ ਰੋਕੋ ਅਭਿਆਨ’ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਵਧੇਰੇ ਕਾਰਗਾਰ ਬਣਾਉਣ ਲਈ ਜ਼ਿਲਾ ਅਧਿਕਾਰੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਕਲ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਡਾ.ਚੀਮਾ ਨੇ ਡੀ.ਈ.ਓਜ਼ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ਿਲੇ ਅੰਦਰ ਸਕੂਲਾਂ ਵਿੱਚ ਸਾਫ ਪੀਣ ਵਾਲੇ ਪਾਣੀ ਦਾ ਖਿਆਲ ਰੱਖਿਆ ਜਾਵੇ। ਜੇਕਰ ਕਿਸੇ ਵੀ ਸਕੂਲ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਤਾਂ ਤੁਰੰਤ ਆਰਜ਼ੀ ਪ੍ਰਬੰਧ ਕੀਤਾ ਜਾਵੇ ਅਤੇ ਪੱਕੇ ਪ੍ਰਬੰਧਾਂ ਲਈ ਯੋਜਨਾ ਤਿਆਰ ਕੀਤੀ ਜਾਵੇ।

WRITTEN BY