ਮਾਨਸਾ, 31 ਜੁਲਾਈ (ਜਸਪਾਲ ਹੀਰੇਵਾਲਾ)-ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਗੈਰ ਰਵਾਇਤੀ ਊੁਰਜਾ, ਮਾਲ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਸ੍ਰ: ਬਿਕਰਮ ਸਿੰਘ ਮਜੀਠੀਆ ਨੇ ਅੱਜ ਵਾਇਟਨ ਐਨਰਜੀ ਪ੍ਰਾ: ਲਿ: ਵਲੋਂ ਕਰੀਬ 80 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿਖੇ ਲਗਾਏ 10 ਮੈਗਾਵਾਟ ਦੇ ਬਾਇਓ ਪਾਵਰ ਪਲਾਂਟ ਦਾ ਉਦਘਾਟਨ ਕੀਤਾ।

ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਾਇਓਮਾਸ ਪਾਵਰ ਪਲਾਂਟ ਜਿੱਥੇ ਬਿਜਲੀ ਪੈਦਾ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ, ਉਥੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀ ਰਹਿੰਦ-ਖੂੰਹਦ ਅਧਾਰਿਤ ਬਿਜਲੀ ਪਲਾਂਟ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਸਹਾਈ ਹੁੰਦੇ ਹਨ, ਉਥੇ ਰਾਜ ਦੀਆਂ ਊਰਜਾ ਜਰੂਰਤਾਂ ਦੀ ਪੂਰਤੀ ਵਿਚ ਵੀ ਲਾਹੇਵੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਵਿਚ ਥਰਮਲ ਪਲਾਂਟ ਅਤੇ ਹੋਰ ਪ੍ਰੋਜੈਕਟ ਲੇਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਕੋਲੇ ਦਾ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਉਥੇ ਕੇਂਦਰ ਵੱਲੋਂ ਪੰਜਾਬ ਨੂੰ ਕੋਲਾ ਨਾ ਦੇ ਕੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹਰੇਕ ਵਰਗ ਨਾਲ ਧੱਕਾ ਕਰ ਕੇ ਅਤੇ ਮਹਿੰਗਾਈ ਵਧਾ ਕੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ।ਬਾਇਓਮਾਸ ਪਾਵਰ ਪਲਾਂਟ ਦੀ ਸਥਾਪਨਾ ‘ਤੇ ਵਧਾਈ ਦਿੰਦਿਆਂ ਗੈਰ ਰਵਾਇਤੀ ਊੁਰਜਾ, ਮਾਲ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਸ੍ਰ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਰੀਬ 80 ਕਰੋੜ ਰੁਪਏ ਦੇ ਲਗਾਏ ਗਏ ਇਸ ਪਲਾਂਟ ਨਾਲ ਫਸਲਾਂ ਦੀ ਰਹਿੰਦ-ਖੁੰਹਦ ਨੂੰ ਸਾੜਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਪਲਾਂਟਾਂ ਦੀ ਸਥਾਪਨਾ ਕਰਕੇ ਇਕ ਨਵਾਂ ਮਾਹੌਲ ਸਿਰਜ ਦਿੱਤਾ ਹੈ, ਜਿਸ ਸਦਕਾ ਬਾਹਰਲੇ ਰਾਜਾਂ ਤੋਂ ਵੀ ਇੱਥੇ ਪੂੰਜੀ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਆਉਣ ਨਾਲ ਪੰਜਾਬ ਨੂੰ ਫਾਇਦਾ ਪਹੁੰਚੇਗਾ, ਜੋ ਪੰਜਾਬ ਵਾਸੀਆਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ 300 ਮੈਗਾਵਾਟ ਦੇ ਬਾਇਓ ਮਾਸ ਅਧਾਰਤ ਬਿਜਲੀ ਪਲਾਂਟਾਂ ਲਈ ਬੋਲੀਆਂ ਸੱਦਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਸੈਕਟਰ ਦੇ ਵੱਡੇ ਵਪਾਰਕ ਅਦਾਰੇ ਜਿਵੇਂ ਲੈਂਕੋ ਸੋਲਰ ਐਨਰਜੀ, ਪੁੰਜ ਲਲੋਅਡ ਇਨਫਰਾਸਟਰਕਚਰ, ਮੋਜ਼ਿਰਬੀਅਰ ਕਲੀਨ ਐਨਰਜੀ, ਇੰਡੀਆ ਬੁੱਲਜ,ਐਸੈਲ ਇਨਫਰਾਸਟਰਕਚਰ, ਵੇਲਸਪੁਨ ਸੋਲਰ, ਐਜ਼ੁਅਰ ਊਰਜਾ ਆਦਿ ਨੇ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਬੋਲੀ ਵਿਚ ਦੂਜੇ ਰਾਜਾਂ ਜਿਵੇ ਰਾਜਸਥਾਨ, ਆਂਧਰਾ ਪ੍ਰਦੇਸ਼, ਤਮਿਲਨਾਇਡੂ ਜ਼ਿਨ੍ਹਾਂ ਨੇ ਵੀ ਪੰਜਾਬ ਵਾਂਗ ਹੀ ਬੋਲੀਆਂ ਮੰਗੀਆਂ ਸਨ, ਨਾਲੋਂ ਪੰਜਾਬ ਨੂੰ ਤਰਜੀਹ ਦੇ ਰਹੇ ਹਨ।ਇਸ ਮੌਕੇ ਰਾਜ ਸਭਾ ਮੈਂਬਰ ਸ੍ਰ. ਬਲਵਿੰਦਰ ਸਿੰਘ ਭੂੰਦੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ‘ਚ 2 ਥਰਮਲ ਪਲਾਂਟ ਅਤੇ ਹੁਣ ਖੋਖਰ ਖੁਰਦ ਦੇ ਬਾਇਓਮਾਸ ਪਾਵਰ ਪਲਾਂਟ ਨਾਲ ਜਨਤਾ ਨੂੰ ਫਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਪਲਾਂਟ ਪ੍ਰਦੁਸ਼ਣ ਰਹਿਤ ਹਨ, ਜਿਨ੍ਹਾਂ ਦਾ ਮਨੁੱਖੀ ਸਿਹਤ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਮੌਕੇ ਸਿੱਖਿਆ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ, ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰ. ਜਗਦੀਪ ਸਿੰਘ ਨਕਈ, ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰੰਘ ਸਮਾਓ, ਹਲਕਾ ਇੰਚਾਰਜ ਅਤੇ ਸੀਨੀਅਰ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ੍ਰ. ਦਿਲਰਾਜ ਸਿੰਘ ਭੂੰਦੜ, ਕੰਪਨੀ ਦੇ ਪ੍ਰਮੋਟਰ ਡਾਇਰੈਕਟਰ ਸ਼੍ਰੀ ਅਮਿਤ ਡਾਲਮੀਆ, ਪ੍ਰਮੋਟਰ ਡਾਇਰੈਕਟਰ ਸੰਜੇ ਗੋਇਨਕਾ, ਪ੍ਰਮੋਟਰ ਡਾਇਰੈਕਟਰ ਅਰੂਨਾਸ਼ੂ ਅਗਰਵਾਲ, ਪੇਡਾ ਦੇ ਡਾਇਰੈਕਟਰ ਸ਼੍ਰੀ ਬਲੌਰ ਸਿੰਘ ਅਤੇ ਜੁਆਇੰਟ ਡਾਇਰੈਕਟਰ ਸ਼੍ਰੀ ਐਮ.ਪੀ.ਸਿੰਘ, ਸਾਬਕਾ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ. ਹਰਬੰਤ ਸਿੰਘ ਦਾਤੇਵਾਸ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।