ਚੰਡੀਗੜ੍ਹ/ਨਵੀ ਦਿੱਲੀ, 30 ਦਸੰਬਰ (ਪੀ. ਟੀ.)- ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੰਦਿਆਂ ਰਾਜ ਲਈ 5261 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਪਟਿਆਲਾ-ਬਠਿੰਡਾ 4-ਮਾਰਗੀ ਪ੍ਰਾਜੈਕਟ ਨੂੰ ਤਿੰਨ ਪੜਾਵਾਂ ਵਿੱਚ ਮੁਕੰਮਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਨਾਂ ਵਲੋਂ ਰਾਜ ਵਿੱਚ ਚਾਰ ਮੁੱਖ 4-ਮਾਰਗੀ ਸੰਗਰੂਰ ਤੋਂ ਹਰਿਆਣਾ ਸਰਹੱਦ ਤੱਕ 94 ਕਿਲੋਮੀਟਰ ¦ਬੀ ਸੜਕ ਦਾ ਨੀਂਹ ਪੱਥਰ ਜਨਵਰੀ ਮਹੀਨੇ ਵਿੱਚ ਰੱਖਿਆ ਜਾਵੇਗਾ। ਸ੍ਰੀ ਗਡਕਰੀ ਨੇ ਇਹ ਭਰੋਸਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਨਵੀਂ ਦਿੱਲੀ ਵਿਖੇ ਅੱਜ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਦਿੱਤਾ। ਸ੍ਰੀ ਬਾਦਲ ਨੇ ਪੰਜਾਬ ਅੰਦਰ ਵੱਖ ਵੱਖ ਕੌਮੀ ਮਾਰਗਾਂ ਨਾਲ ਸਬੰਧਤ ਸੜਕੀ ਪ੍ਰਾਜੈਕਟਾਂ ਬਾਰੇ ਸ੍ਰੀ ਗਡਕਰੀ ਨਾਲ ਵਿਸਥਾਰਤ ਗੱਲਬਾਤ ਕੀਤੀ। ਸ੍ਰੀ ਗਡਕਰੀ ਨੇ ਕਿਹਾ ਕਿ 1693 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਤੋਂ ਦੋਗਾਲ ਕਲਾਂ
ਐਨ.ਐਚ.71, ਦੋਗਾਲ ਕਲਾਂ ਤੋਂ ਖਨੌਰੀ ਹਰਿਆਣਾ ਸਰਹੱਦ, ਸੰਗਰੂਰ ਬਾਈਪਾਸ ਅਤੇ ਧਨੋਲਾ ਬਾਈਪਾਸ ਅਤੇ ਪਟਿਆਲਾ ਬਾਈਪਾਸ ਨੂੰ ਚਹੁੰ ਮਾਰਗੀ ਸੜਕਾਂ ਨਾਲ ਜੋੜਿਆ ਜਾਵੇਗਾ ਅਤੇ ਇਸ ਦਾ ਨੀਂਹ ਪੱਥਰ ਜਨਵਰੀ ਮਹੀਨੇ ਵਿਚ ਰਖਿਆ ਜਾਵੇਗਾ।
ਸ. ਬਾਦਲ ਵੱਲੋਂ ਪਟਿਆਲਾ-ਬਠਿੰਡਾ ਚਹੁੰ ਮਾਰਗੀ ਸੜਕ ਦੇ ਨਿਰਮਾਣ ਨੂੰ ਈ.ਪੀ.ਸੀ ਵਿਧੀ ਹੇਠ ਉਸਾਰੀ ਕਰਨ ਦੀ ਮੰਗ ਨੂੰ ਮੰਨਜੂਰ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ 1238 ਕਰੋੜ ਰੁਪਏ ਦੀ ਲਾਗਤ ਨਾਲ ਇਹ 128 ਕਿਲੋਮੀਟਰ ਲੰਬੀ ਐਨ.ਐਚ.64 ਸੜਕ ਨੂੰ ਚਹੁੰ ਮਾਰਗੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਤਿੰਨ ਪੜਾਵਾਂ ਵਿੱਚ ਪਟਿਆਲਾ ਬਾਈਪਾਸ ਦੇ ਅੰਤ ਤੋਂ ਸੰਗਰੂਰ ਬਾਈਪਾਸ ਤੱਕ, ਸੰਗਰੂਰ ਬਾਈਪਾਸ ਤੋਂ ਬਰਨਾਲਾ ਸ਼ਹਿਰ ਦੀ ਹੱਦ ਤੱਕ ਅਤੇ ਬਰਨਾਲਾ ਤੋਂ ਬਠਿੰਡਾ ਸ਼ਹਿਰ ਤੱਕ ਮੁੰਕਮਲ ਕੀਤਾ ਜਾਵੇਗਾ। ਸ. ਬਾਦਲ ਨੇ ਨੈਸਨਲ ਹਾਈਵੇਜ ਵਲੋਂ ਚੰਡੀਗੜ੍ਹ ਤੋਂ ਸਮਰਾਲਾ ਚੌਕ ਤੱਕ 4-6 ਮਾਰਗੀ ਪ੍ਰਾਜੈਕਟ ਦੀ ਗੱਲ ਕਰਦਿਆਂ ਸ਼ਹਿਰ ਵਿਚਲਾ 12.300 ਕਿਲੋਮੀਟਰ ਦਾ ਹਿੱਸਾ ਇਸ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਗੁਜਾਰਸ਼ ਕੀਤੀ। ਅੰਮ੍ਰਿਤਸਰ ਬਾਈਪਾਸ ਐਨ.ਐਚ.1 ਤੋ ਵਾਹਗਾ ਸਰਹੱਦ ਤੱਕ 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 4/6 ਮਾਰਗ ਸਬੰਧੀ ਸ੍ਰੀ ਬਾਦਲ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਇਸ ਪ੍ਰਾਜੈਕਟ ਤੇ ਕੰਮ ਦੀ ਫੋਰੀ ਸ਼ੁਰੂ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਇਹ ਮਾਰਗ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਦਿੱਖ ਵਿੱਚ ਵੱਡਾ ਸੁਧਾਰ ਲਿਆਵੇਗਾ ਕਿਉਕਿ ਇਹ ਸੜਕ ਅੰਮ੍ਰਿਤਸਰ ਬਾਈਪਾਸ ਤੋਂ ਅਜਨਾਲਾ ਚੌਕ ਹੁੰਦੀ ਹੋਈ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਹੀਂ ਵਾਹਗਾ ਸਰਹੱਦ ਤੱਕ ਪੁਜੇਗੀ। ਇਸ ਸਬੰਧੀ ਵੀ ਸ਼੍ਰੀ ਗਡਕਰੀ ਨੇ ਆਖਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਵਲੋਂ ਪੇਸ਼ ਮੰਗਾਂ ਨੂੰ ਸੁਨਣ ਉਪਰੰਤ ਸ੍ਰੀ ਗਡਕਰੀ ਨੇ 5261 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦੀ ਪ੍ਰਵਾਨਗੀ ਦੇਣ ਦੇ ਨਾਲ ਨਾਲ ਪੰਜਾਬ ਦੇ ਬਾਕੀ ਮੁੱਦਿਆਂ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ। ਮੀਟਿੰਗ ਵਿਚ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਦੇ ਇਲਾਵਾ ਸ੍ਰੀ ਪੀ.ਐਸ.ਔਜਲਾ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਅਤੇ ਸ੍ਰੀ ਅਸੋਕ ਸਿੰਗਲਾ ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਹਾਜ਼ਰ ਸਨ।



