ਚੰਡੀਗੜ੍ਹ, 29 ਦਸੰਬਰ (ਪੀ. ਟੀ.)- ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਰਾਜਸਥਾਨ ਤੇ ਸਰਹਿੰਦ ਫੀਡਰਾਂ ਦੇ ਕਿਨਾਰੇ ਮਜ਼ਬੂਤ ਕਰਨ ਦੇ ਪ੍ਰਜੈਕਟ ਨਾਲ ਸਬੰਧਿਤ ਪ੍ਰਗਤੀ ’ਤੇ ਸਾਂਝੇ ਤੌਰ ’ਤੇ ਨਿਗਰਾਨੀ ਰੱਖਣ ਦੇ ਲਈ ਸਹਿਮਤ ਹੋ ਗਈਆਂ ਹਨ ਤਾਂ ਜੋ ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅੱਜ ਸਵੇਰੇ ਆਪਣੇ ਨਿਵਾਸ ਸਥਾਨ ’ਤੇ ਰਾਜਸਥਾਨ ਦੇ ਜਲ ਸਰੋਤ ਮੰਤਰੀ ਡਾ. ਰਾਮ ਪ੍ਰਤਾਪ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ ਜੋ ਕਿ ਉਨ੍ਹਾਂ ਨੂੰ ਮਿਲਣ ਆਏ ਸਨ। ਰਾਜਸਥਾਨ ਨੂੰ ਸਪਲਾਈ ਕੀਤੇ ਜਾਂਦੇ ਸਿੰਚਾਈ ਵਾਲੇ ਪਾਣੀ ਦਾ ਮੁੱਦਾ ਉਠਉਂਦੇ ਹੋਏ ਡਾ. ਰਾਮ ਪ੍ਰਤਾਪ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ
ਵੇਲੇ ਸੂਬੇ ਦਾ ਮੁੱਖ ਮੁੱਦਾ ਰਾਜਸਥਾਨ ਫੀਡਰ (ਇੰਦਰਾਗਾਂਧੀ ਫੀਡਰ) ਅਤੇ ਸਰਹਿੰਦ ਫੀਡਰ ਦੇ ਕਿਨਾਰਿਆਂ ਨੂੰ ਪੱਕੇ ਕਰਨਾ ਹੈ ਜਿਨ੍ਹਾਂ ਰਾਹੀਂ ਪੰਜਾਬ ਦੇ ਹਰੀਕੇ ਹੈਡਵਰਸ ਰਾਹੀਂ ਰਾਜਸਥਾਨ ਨੂੰ ਪਾਣੀ ਜਾਂਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਨ੍ਹਾਂ ਦੋਵਾਂ ਨਹਿਰਾਂ ਦੇ ਰਾਹੀਂ ਸੂਬੇ ਨੂੰ ਸਾਫ਼ ਪਾਣੀ ਸਪਲਾਈ ਕਰਨ ਲਈ ਨਿੱਜੀ ਦਖਲ ਦੀ ਮੰਗ ਕੀਤੀ ਹੈ। ਡਾ. ਰਾਮ ਪ੍ਰਤਾਪ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਨਹਿਰਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ 200 ਕਰੋੜ ਦਾ ਪ੍ਰਜੈਕਟ ਸ਼ੁਰੂ ਹੋਣ ਦੇ ਨੇੜੇ ਹੈ ਅਤੇ ਇਸ ਸਬੰਧ ਵਿੱਚ ਵਿਸ਼ਵ ਵਿਆਪੀ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਗਏ ਹਨ। ਇਸ ਸ਼ਾਨੇਮੱਤੇ ਪ੍ਰਜੈਕਟ ਦੀ ਨਿਯਮਤ ਨਿਗਰਾਨੀ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਸ. ਬਾਦਲ ਨੇ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੇ ਕਿਨਾਰੇ ਪੱਕੇ ਕਰਨ ਦੇ ਕੰਮ ’ਤੇ ਦੋਵਾਂ ਸੂਬਿਆਂ ਦੇ ਸਿੰਚਾਈ ਸਕੱਤਰਾਂ ਵੱਲੋਂ ਸਾਂਝੇ ਤੌਰ ’ਤੇ ਨਿਗਰਾਨੀ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਜੋ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਵਿੱਚ ਪੂਰਾ ਹੋ ਸਕੇ।
ਮੁੱਖ ਮੰਤਰੀ ਨੇ ਡਾ. ਰਾਮ ਪ੍ਰਤਾਪ ਨੂੰ ਹੋਰ ਦੱਸਿਆ ਕਿ ਸੂਬਾ ਸਰਕਾਰ ਰਾਜ ਦੀਆਂ ਨਦੀਆਂ ਦੀ ਸਫਾਈ ਕਰਨ ਦੇ ਲਈ ਬਹੁਤ ਜ਼ਿਆਦਾ ਉਤਸਕ ਹੈ ਅਤੇ ਇਸ ਲਈ ਬਹੁਤ ਸਾਰੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਹਿਰਾਂ ਦੇ ਰਾਹੀਂ ਸਾਫ ਪਾਣੀ ਮੁਹਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਨੇ ਸਤਲੁੱਜ ਦਰਿਆ ਵਿੱਚ ਸੀਵਰੇਜ ਦਾ ਪਾਣੀ ਛੱਡਣ ਵਾਲੇ ਸਾਰੇ ਸ਼ਹਿਰਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨ ਲਈ 1375 ਕਰੋੜ ਰੁਪਏ ਦਾ ਪ੍ਰੋਜੈਕਟ ਆਰੰਭਿਆ ਹੈ। ਇਸੇ ਤਰ੍ਹਾਂ ਹੀ ਬਿਆਸ ਨਦੀ ਦੇ ਨਾਲ ਨਾਲ ਵਸੇ ਕਸਬਿਆਂ ਵਿੱਚ 220 ਕਰੋੜ ਰੁਪਏ ਦੇ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਵਿਵਸਥਾ ਕੀਤੀ ਹੈ। ਹੁਣ ਤੱਕ ਸਤਲੁਜ ਦਰਿਆ ’ਤੇ ਵਸੇ 18 ਕਸਬਿਆਂ ਵਿੱਚੋਂ 10 ਵਿੱਚ ਇਹ ਪ੍ਰੋਜੈਕਟ ਸਥਾਪਿਤ ਕਰ ਦਿੱਤੇ ਹਨ ਅਤੇ ਇਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਹੀ ਬਿਆਸ ਦਰਿਆ ’ਤੇ 11 ਕਸਬਿਆਂ ਵਿੱਚੋਂ 5 ਵਿੱਚ ਇਹ ਸੁਵਿਧਾ ਮੁਹਈਆ ਕਰਵਾ ਦਿੱਤੀ ਹੈ। ਦੋਵਾਂ ਦਰਿਆਵਾਂ ’ਤੇ ਵਸੇ ਬਾਕੀ ਕਸਬਿਆਂ ਵਿੱਚ 30 ਜੂਨ 2015 ਤੱਕ ਸੀਵਰੇਜ ਪਲਾਂਟ ਸਥਾਪਿਤ ਕਰ ਦਿੱਤੇ ਜਾਣਗੇ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਲੁਧਿਆਣਾ ਦੇ ਸਾਰੇ ਰੰਗਾਈ ਵਾਲੇ ਉਦਯੋਗਾਂ ਵਿੱਚ ਵਿਅਕਤੀਗਤ ਇਫਲੂਐਂਟ ਟਰੀਟਮੈਂਟ ਪਲਾਂਟ ਲਾਏ ਗਏ ਹਨ। ਇਸ ਤੋਂ ਇਲਾਵਾ ਸਨਅਤਾਂ ਦੇ ਗੰਦੇ ਪਾਣੀ ਨੂੰ ਸੋਧਣ ਲਈ ਲੁਧਿਆਣਾ ਅਤੇ ਜ¦ਧਰ ਵਿੱਚ ਤਿੰਨ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸਾਰੇ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ 30 ਜੂਨ 2015 ਤੱਕ ਕਾਰਜਸ਼ੀਲ ਹੋ ਜਾਣਗੇ। ਇਨ੍ਹਾਂ ਦੇ ਨਾਲ ਇਨ੍ਹਾਂ ਨਹਿਰਾਂ ਵਿੱਚ ਗੰਦੇ ਪਾਣੀ ਦਾ ਵਹਾਅ ਬਿਲਕੁਲ ਬੰਦ ਹੋ ਜਾਵੇਗਾ। ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਬਿਨਾ ਕਿਸੇ ਘਾਟੇ ਵਾਧੇ ਦੇ ਰਾਜਸਥਾਨ ਨੂੰ ਉਸ ਦਾ ਬਣਦਾ ਹਿੱਸਾ ਛੱਡਣ ਲਈ ਆਖਿਆ। ਉਨ੍ਹਾਂ ਨੇ ਪੰਜਾਬ ਅਤੇ ਰਾਜਸਥਾਨ ਦੀਆਂ ਪ੍ਰਦੂਸ਼ਣ ਨਿਯੰਤਰਣ ਅਥਾਰਟੀਆਂ ਵੱਲੋਂ ਦਰਿਆਵਾਂ ਦੇ ਪਾਣੀ ਦੀ ਸਾਂਝੀ ਜਾਂਚ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਤਾਂ ਜੋ ਰਾਜਸਥਾਨ ਨੂੰ ਮਿਆਰੀ ਪਾਣੀ ਮਿਲ ਸਕੇ।
ਮੁੱਖ ਮੰਤਰੀ ਨੇ ਡਾ. ਰਾਮ ਪ੍ਰਤਾਪ ਨੂੰ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਬਾਇਓ ਕੈਮੀਕਲ ਆਕਸੀਜਨ ਡਿਮਾਂਡ (ਬੀ ਓ ਡੀ) ਦੇ ਸਬੰਧ ਵਿੱਚ ਸਖਤ ਨਿਯਮ ਬਣਾਏ ਹਨ ਅਤੇ ਪਾਣੀ ਨੂੰ ਸੋਧ ਕੇ ਦਰਿਆਵਾਂ ਵਿੱਚ ਛੱਡਣ ਲਈ ਇਸ ਦਾ ਪੱਧਰ 10 ਗ੍ਰਾਮ ਪ੍ਰਤੀ ਲੀਟਰ ਨਿਰਧਾਰਤ ਕੀਤਾ ਹੈ। ਜਦਕਿ ਬਾਕੀ ਦੇਸ਼ ਵਿੱਚ 30 ਗ੍ਰਾਮ ਪ੍ਰਤੀ ਲੀਟਰ ਬੀ ਓ ਡੀ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸੀ ਓ ਡੀ ਦੀ ਦੇਸ਼ ਵਿੱਚ 250 ਗ੍ਰਾਮ ਪ੍ਰਤੀ ਲੀਟਰ ਤੱਕ ਦੀ ਆਗਿਆ ਹੈ ਪਰ ਪੰਜਾਬ ਵਿੱਚ 50 ਗ੍ਰਾਮ ਪ੍ਰਤੀ ਲੀਟਰ ਦੀ ਆਗਿਆ ਦਿੱਤੀ ਗਈ ਹੈ।
ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਆਪਣੇ ਵਿਚਾਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਹਿੰਦ ਨਹਿਰ ਦੇ ਆਖਰ ਵਿੱਚ ਕਰਾਸ ਰੈਗੂਲੇਟਰ ਉਸਾਰਿਆ ਜਾ ਰਿਹਾ ਹੈ ਜਿਸ ਦੇ ਨਾਲ ਪਾਣੀ ਦਾ ਵਾਪਸੀ ਵਹਾਅ ਬੰਦ ਹੋ ਜਾਵੇਗਾ। ਉਨ੍ਹਾਂ ਨੇ ਡਾ. ਰਾਮ ਪ੍ਰਤਾਪ ਨੂੰ ਭਰੋਸਾ ਦੁਆਇਆ ਕਿ ਇਹ ਇੱਕ ਸਾਲ ਵਿੱਚ ਮੁਕੰਮਲ ਹੋ ਜਾਵੇਗਾ ਜਿਸ ਦੇ ਨਾਲ ਰਾਜਸਥਾਨ ਦੀ ¦ਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਜਾਵੇਗੀ।
ਡਾ. ਰਾਮ ਪ੍ਰਤਾਪ ਨੇ ਆਪਣੇ ਵੱਲੋਂ ਉਠਾਏ ਗਏ ਮੁੱਦਿਆਂ ਦਾ ਹਾਂ ਪੱਖੀ ਨਤੀਜਾ ਨਿਕਲਣ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਰਾਜਸਥਾਨ ਦੇ ਮੁੱਖ ਮੰਤਰੀ ਦੀ ਤਰਫੋਂ ਧੰਨਵਾਦ ਕੀਤਾ ਕਿਉਂਕਿ ਫੀਡਰਾਂ ਦੇ ਕਿਨਾਰੇ ਮਜ਼ਬੂਤ ਹੋਣ ਨਾਲ ਰਾਜਸਥਾਨ ਨੂੰ ਪਾਣੀ ਦੀ ਵਧੀਆ ਢੰਗ ਨਾਲ ਸਪਲਾਈ ਹੋਣ ਲੱਗ ਪਵੇਗੀ ਅਤੇ ਰਾਸਤੇ ਵਿੱਚ ਪਾਣੀ ਦੀ ਬਰਬਾਦੀ ਨਹੀਂ ਹੋਵੇਗੀ। ਇਸ ਦੇ ਨਾਲ ਸੂਬੇ ਦੇ ਦੱਖਣੀ ਜਿਲ੍ਹਿਆਂ ਵਿੱਚ ਸੇਮ ਦੀ ਸਮੱਸਿਆ ਦੇ ਨਿਪਟਣ ਲਈ ਵੀ ਮਦਦ ਮਿਲੇਗੀ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਕੇ ਜੇ ਐਸ ਚੀਮਾ, ਸਕੱਤਰ ਸਿੰਚਾਈ ਸ੍ਰੀ ਕਾਹਨ ਸਿੰਘ ਪਨੂੰ, ਚੀਫ ਇੰਜੀਨੀਅਰ ਨਹਿਰਾਂ ਸ੍ਰੀ ਏ ਐਸ ਦੌਲਤ, ਸਾਬਕਾ ਚੇਅਰਮੈਨ ਪੀ ਪੀ ਸੀ ਬੀ ਸ੍ਰੀ ਰਵਿੰਦਰ ਸਿੰਘ ਅਤੇ ਸਕੱਤਰ ਪੀ ਪੀ ਸੀ ਬੀ ਸ੍ਰੀ ਬਾਬੂ ਰਾਮ ਸ਼ਾਮਲ ਸਨ।



