ਇਸਲਾਮਾਬਾਦ, 21 ਦਸੰਬਰ (ਪੀ. ਟੀ.)- ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਰਾਜਧਾਨੀ ਇਸਲਾਮਾਬਾਦ ਵਿਚ ਅੱਤਵਾਦੀਆਂ ਖਿਲਾਫ ਕਾਰਵਾਈ ਕਰਦਿਆਂ ਵਿਦੇਸ਼ੀਆਂ ਸਮੇਤ 300 ਤੋਂ ਵੀ ਵੱਧ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਸ਼ਾਵਰ ਸਕੂਲ ਸਮੂਹਿਕ ਕਤਲੇਆਮ ਜਿਸ ਵਿਚ ਪਿਛਲੇ ਹਫਤੇ 148 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਚੋਂ ਬਹੁਤੇ ਵਿਦਿਆਰਥੀ ਸਨ ਪਿੱਛੋਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਫੜੋ-ਫੜੀ ਸ਼ੁਰੂ ਕੀਤੀ ਸੀ। ਡਾਨ ਅਖ਼ਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਖੋਜ਼ੀ ਕੁੱਤਿਆਂ ਨਾਲ ਲੈਸ 6 ਟੀਮਾਂ, ਬੰਬ ਨਕਾਰਾ ਕਰਨ ਵਾਲੇ ਦਸਤਿਆਂ ਅਤੇ ਕਮਾਂਡੋਜ਼ ਨੇ ਰਾਜਧਾਨੀ ਦੇ ਆਪਰੇਸ਼ਨਾਂ ‘ਚ ਹਿੱਸਾ ਲਿਆ। ਰਾਜਧਾਨੀ ਪੁਲਿਸ, ਪਾਕਿਸਤਾਨੀ ਰੇਂਜਰਾਂ ਅਤੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਥਿਆਰ ਤੇ ਅਸਲਾ ਵੀ ਬਰਾਮਦ ਕੀਤਾ ਹੈ। ਅਖ਼ਬਾਰ ਨੇ ਲਿਖਿਆ ਕਿ ਦੋ ਅੱਤਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਪਿੱਛੋਂ ਅੱਤਵਾਦੀਆਂ ਵਲੋਂ ਦਿੱਤੀਆਂ ਜਾ ਰਹੀਆਂ ਤਾਜ਼ਾ ਧਮਕੀਆਂ ਦੇ ਮੱਦੇਨਜ਼ਰ ਖੁਫ਼ੀਆ ਰਿਪੋਰਟਾਂ ਦੇ ਆਧਾਰ ‘ਤੇ ਆਪਰੇਸ਼ਨ ਕੀਤਾ ਗਿਆ।
ਅਫਗਾਨ ਸ਼ਰਨਾਰਥੀਆਂ, ਬੱਸ ਅੱਡਿਆਂ ਅਤੇ ਉਸਾਰੀ ਅਧੀਨ ਇਮਾਰਤਾਂ ਦੀ ਵੀ ਤਲਾਸ਼ੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਿੱਖਿਆ ਸੰਸਥਾਵਾਂ ਨਿਸ਼ਾਨੇ ‘ਤੇ ਹਨ ਜਿਸ ਕਾਰਨ ਅਧਿਕਾਰੀਆਂ ਨੂੰ ਰਾਜਧਾਨੀ ਵਿਚ ਸਾਰੇ ਸਕੂਲ ਅਤੇ ਕਾਲਜ ਕਲ੍ਹ ਤੋਂ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਕ ਰਿਪੋਰਟ ਫ਼ੌਜੀ ਟਿਕਾਣੇ ਨਾਲ ਸਬੰਧਿਤ ਹੈ ਅਤੇ ਕਿਹਾ ਗਿਆ ਹੈ ਕਿ ਅੱਤਵਾਦੀ ਸੈਨਿਕ ਵਰਦੀਆਂ ਵਿਚ ਮਰਗਾਲਾ ਹਿਲਜ਼ ਸਾਈਡ ‘ਤੋਂ ਸੈਨਿਕ ਕੈਂਪ ‘ਤੇ ਹਮਲਾ ਕਰ ਸਕਦੇ ਹਨ। ਇਕ ਹੋਰ ਰਿਪੋਰਟ ਵਿਦੇਸ਼ੀ ਦੂਤਘਰਾਂ ਅਤੇ ਕੂਟੀਨਤਕਾਂ ਨਾਲ ਸਬੰਧਤ ਹੈ। ਪੁਲਿਸ ਨੇ ਸੰਵੇਦਨਸ਼ੀਲ ਟਿਕਾਣਿਆਂ ਜਿਹੜੇ ਖਤਰੇ ਹੇਠ ਹਨ ਦੀ ਹਵਾਈ ਖੇਤਰ ਤੋਂ ਨਿਗਰਾਨੀ ਰੱਖਣੀ ਵੀ ਸ਼ੁਰੂ ਕਰ ਦਿੱਤੀ ਹੈ।


