ਚੰਡੀਗੜ੍ਹ, 21 ਦਸੰਬਰ (ਪੀ. ਟੀ.)- ਤਜਵੀਜ਼ ਸ਼ੁਦਾ ਮੱਤੇਵਾੜਾ ਵਣ ਜੀਵ ਕੁਦਰਤੀ ਰਿਜ਼ਰਵ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈ ਤਾਂ ਜੋ ਲੁਧਿਆਣਾ ਸ਼ਹਿਰ ਦੇ ਆਲੇ-ਦੁਆਲੇ ਕੁਦਰਤੀ ਅਤੇ ਬਨਸਪਤੀ ਭਰਪੂਰ ਵਸੀਲਿਆਂ ਦੀ ਸਾਂਭ ਸੰਭਾਲ ਕਰਕੇ ਲੁਧਿਆਣਾ ਨੂੰ ਹਰੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਸਕੇ।ਇਸ ਦਾ ਵੇਰਵਾ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਜਿੱਥੇ ਮੱਤੇਵਾੜਾ ਜੰਗਲ ਨੂੰ ਜਾਨਵਰਾਂ ਅਤੇ ਪਸ਼ੂ-ਪੰਛੀਆਂ ਦੇ ਕੁਦਰਤੀ ਅਵਾਸ ਵਜੋਂ ਵਿਕਸਿਤ ਕਰਨਾ ਹੈ, ਉਥੇ ਹੀ ਇਸ ਪ੍ਰੋਜੈਕਟ ਨਾਲ ਲੋਕਾਂ ਵਿੱਚ ਆਪਣੇ ਚੌਗਿਰਦੇ ਅਤੇ ਵਾਤਾਵਰਣ ਨੂੰ ਸਾਫ ਰੱਖਣ ਪ੍ਰਤੀ ਚੇਤਨਤਾ ਵੀ ਪੈਦਾ ਹੋਵੇਗੀ। ਇਹ ਨਿਵੇਕਲੇ ਪ੍ਰਕਾਰ ਦਾ ਪ੍ਰੋਜੈਕਟ ਹੋਵੇਗਾ ਜਿਸ ਵਿੱਚ ਲੋਕਾਂ ਨੂੰ ਸਿਖਿਅਤ ਕਰਨ ਦੇ ਨਾਲ ਹੀ ਮਨ ਪ੍ਰਚਾਵੇ ਦੇ ਸਾਧਨ ਵੀ ਸ਼ਾਮਲ ਕੀਤੇ ਜਾਣਗੇ। ਆਧੁਨਿਕ ਤਕਨੀਕ ਦਾ ਸਹਾਰਾ ਲੈ ਕੇ ਲੋਕਾਂ ਨੂੰ ਕੁਦਰਤ, ਪਸ਼ੂ-ਪੰਛੀਆਂ ਪ੍ਰਤੀ ਸੰਵੇਦਨਸ਼ੀਲਤਾ ਭਰਿਆ ਰਵਈਆ ਅਪਣਾਉਣ ਲਈ ਪ੍ਰੇਰਿਆ ਜਾਵੇਗਾ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਮੱਤੇਵਾੜਾ ਜੰਗਲਾਂ ਦਾ ਕਾਫੀ ਵੱਡਾ ਹਿੱਸਾ ਅਜੇ ਵੀ ਖੁੱਲ੍ਹਾ ਪਿਆ ਹੈ, ਜਿਸ ਵਿੱਚ ਹਿਰਨਾਂ ਨੂੰ ਖੁੱਲ੍ਹੀ ਹਵਾ ਵਿੱਚ ਆਜ਼ਾਦੀ ਨਾਲ ਘੁੰਮਣ ਲਈ ਕਾਫੀ ਥਾਂ ਮਿਲ ਸਕਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਭਰ ਦੇ ਚਿੜੀਆਂ ਘਰਾਂ ਵਿੱਚ ਤਕਰੀਬਨ 500 ਹਿਰਨਾਂ ਨੂੰ ਅਤੇ ਹੋਰ ਜੀਵ-ਜੰਤੂਆਂ ਨੂੰ ਇਸ ਥਾਂ ਵਿਖੇ ਛੱਡੇ ਜਾਣ ਦੀ ਯੋਜਨਾ ਹੈ। ਬੁਲਾਰੇ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ 8 ਕਿਲੋਮੀਟਰ ਲੰਬੀ ਅਤੇ 3 ਕਿਲੋਮੀਟਰ ਚੌੜੀ ਇੱਕ ਅਜਿਹੀ ਪਗਡੰਡੀ ਸਥਾਪਿਤ ਕਰਨ ਦੀ ਵੀ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਵਿੱਚ ਸਾਇਨ ਬੋਰਡਾਂ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਅਤੇ ਜੀਵ-ਜੰਤੂਆਂ ਦੇ ਅਦੁੱਤੀ ਸੰਸਾਰ ਬਾਰੇ ਜਾਗਰੂੁਕ ਕੀਤਾ ਜਾਵੇਗਾ।



