ਖੰਨਾ, 19 ਦਸੰਬਰ (ਸੁਖਵਿੰਦਰ ਸਿੰਘ ਸਲੌਦੀ)- ਪੰਜਾਬ 1980 ਤੱਕ ਦੇਸ਼ ਦਾ ਨੰਬਰ ਵਨ ਸੂਬਾ ਰਿਹਾ ਹੈ, ਪ੍ਰਤੂੰ ਜਦੋਂ ਤੋਂ ਬਾਦਲ ਪਰਿਵਾਰ ਦਾ ਪੰਜਾਬ ’ਤੇ ਕਬਜ਼ਾ ਹੋਇਆ ਹੈ, ਇਸ ਪਰਿਵਾਰ ਨੇ ਭਾਜਪਾ ਨਾਲ ਮਿਲ ਕੇ ਪੰਜਾਬ ਦੀ ਦਿਸ਼ਾ ਵਿਗਾੜ ਦਿੱਤੀ ਹੈ। ਅੱਜ ਪੰਜਾਬ ਵਿਚ ਰੇਤਾ, ਬਜਰੀ, ਟ੍ਰਾਂਸਪੋਰਟ, ਚੈਨਲਾਂ ਅਤੇ ਨਸ਼ਿਆਂ ਰਾਹੀਂ ਲੁੱਟ ਹੋ ਰਹੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਖੰਨਾ ਫੇਰੀ ਮੌਕੇ ਸਥਾਨਕ ਗੋਲਡਨ ਗਰੇਨ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸ੍ਰ. ਬਾਜਵਾ ਨੇ ਬਾਦਲ ਸਰਕਾਰ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਬਾਦਲ ਸਰਕਾਰ ਈਸਟ ਇੰਡੀਆ ਕੰਪਨੀ ਤੋਂ ਵੀ ਵਧੇਰੇ ਲੁੱਟ ਰਹੇ ਹਨ, ਬਾਦਲ ਸਰਕਾਰ ਦੀਆਂ ਗਲਤ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ 7 ਸਾਲਾਂ ਤੋਂ ਪੰਜਾਬ ਦੇ 18,770 ਕਾਰਖ਼ਾਨੇ
ਬੰਦ ਹੋ ਗਏ ਹਨ ਅਤੇ ਜਾਂ ਫ਼ਿਰ ਦੂਜੇ ਰਾਜਾਂ ’ਚ ਚਲੇ ਗਏ ਹਨ, ਜਦੋਂ ਕਿ ਪੰਜਾਬ ’ਚ ਨਵੇਂ ਸਿਰਫ਼ 125 ਕਾਰਖਾਨੇ ਹੀ ਲੱਗੇ ਹਨ। ਉਹਨਾਂ ਪੰਜਾਬ ’ਚ ਨਸ਼ਿਆਂ ਦੇ ਵੱਡੇ ਕਾਰੋਬਾਰ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ’ਤੇ ਦੋਸ ਲਾਇਆ ਕਿ ਇਹ ਨਸ਼ਿਆਂ ’ਚ ਸ਼ਾਮਲ ਵਿਅਕਤੀਆਂ ਨੂੰ ਬਚਾਉਣ ’ਚ ਲੱਗੀ ਹੋਈ ਹੈ। ਉਹਨਾਂ ਮੰਗ ਕੀਤੀ ਕਿ ਜੇ ਇਹ ਮਾਮਲਾ ਸੀ.ਬੀ.ਆਈ ਨੂੰ ਦਿੱਤਾ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ। ਸ੍ਰੀ ਬਾਜਵਾ ਨੇ ਧਰਮ ਪਰਿਵਰਤਨ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਕਿਉਂਕਿ ਜਦੋਂ ਦੀ ਕੇਂਦਰ ’ਚ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਭਾਜਪਾ ਦੀ ਸਾਧਵੀ ਐਮ ਪੀ ਦੇ ਬਿਆਨ ਦੀ ਨਿੰਦਾ ਕਰਨ ਤੋਂ ਇਲਾਵਾ ਦੂਸਰੇ ਐਮ ਪੀ ਸਾਖਸ਼ੀ ਜੀ ਮਹਾਰਾਜ ਵੱਲੋਂ ਨੱਥੂ ਰਾਮ ਗੌਂਡਸੇ ਨੂੰ ਦੇਸ਼ ਭਗਤ ਕਹਿਣ ’ਤੇ ਤਿੱਖੀ ਪ੍ਰਤੀਕਿਰਿਆ ਜਾਹਿਰ ਕੀਤੀ। ਜੰਮੂ ਕਸ਼ਮੀਰ ’ਚ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ’ਤੇ ਹੋਏ ਹਮਲੇ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਠੀਕ ਕਹਿੰਦਾ ਹੈ ਕਿ ਇਹ ਸਭ ਕੁੱਝ ਬਾਦਲਾਂ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਹੱਕੀਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਨਵੇਂ ਸਾਲ ਦੇ ਸ਼ੁਰੂ ’ਚ ਪੰਜਾਬ ਕਾਂਗਰਸ ਵੱਲੋਂ ਜ਼ੋਰਦਾਰ ਮੁਹਿੰਮ ਅਰੰਭੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਪ੍ਰਚਾਰ ਹਿੱਤ ਜਾ ਰਹੇ ਹਨ ਅਤੇ ਹੁਣ ਤੱਕ 24 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਸ੍ਰ. ਬਾਜਵਾ ਨੇ ਕਿਹਾ ਕਿ ਪ੍ਰਚਾਰ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦਾ ਮਾਣ-ਮੱਤਾ ਇਤਿਹਾਸ ਦੱਸ ਕੇ ਉਹਨਾਂ ਨੂੰ ਇਸ ਮੁਹਿੰਮ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਨਗਰ ਕੌਸਲ ਦੀਆਂ ਚੋਣਾਂ ਸਬੰਧੀ ਜ਼ਿਕਰ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ’ਚ ਪੀ.ਪੀ.ਪੀ/ਅਕਾਲੀ ਦਲ ਬਰਨਾਲਾ ਗਰੁੱਪ, ਸੀ.ਪੀ.ਆਈ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਨਾਲ ਰੱਲ ਕੇ ਚੋਣਾਂ ਲੜੇਗੀ ਅਤੇ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਮੀਟਿੰਗ ’ਚ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਗੈਰ ਹਾਜਰੀ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਸੂਬੇ ’ਚ ਕਾਗਰਸ ਪਾਰਟੀ ਅੰਦਰ ਧੜੇਬੰਦੀ ਸਬੰਧੀ ਪੁੱਛੇ ਜਾਣ ’ਤੇ ਬਾਜਵਾ ਨੇ ਗੋਲਮੋਲ ਜਵਾਬ ਦਿੰਦੇ ਕਿਹਾ ਕਿ ਧੜੇਬੰਦੀ ਹਰ ਪਾਰਟੀ ’ਚ ਹੈ, ਅਕਾਲੀ ਦਲ, ਭਾਜਪਾ ’ਚ ਵੀ ਧੜੇਬੰਦੀ ਹੈ ਤਾਂ ਹੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਮੋਦੀ ਨੇ ਖੂੰਜੇ ਲਗਾ ਦਿੱਤਾ ਪਰ ਕਾਂਗਰਸ ਪਾਰਟੀ ਦੂਸਰੀਆਂ ਪਾਰਟੀਆਂ ਨਾਲੋਂ ਠੀਕ ਹੈ ਪਰ ਜਦੋਂ ਖੰਨੇ ਹਲਕੇ ’ਚ ਧੜੇਬੰਦੀ ਬਾਰੇ ਪੁੱਛਦੇ ਹੋਏ ਇਸ ਧੜੇਬੰਦੀ ਦਾ ਨਗਰ ਕੌਂਸਲ ਚੋਣਾਂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਪੁੱ੍ਯਛਿਆ ਤਾਂ ਬਾਜਵਾ ਨੇ ਖੰਨੇ ’ਚ ਧੜੇਬੰਦੀ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ, ਜਦੋਂਕਿ ਸ਼ਹਿਰ ’ਚ ਲੱਗੀਆਂ ਫਲੈਕਸਾਂ ਤੋਂ ਟਕਸਾਲੀ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂਲੋ ਦੀ ਤਸਵੀਰ ਨਾ ਨਜਰ ਆਉਣ ਕਰਕੇ ਇਲਾਕੇ ’ਚ ਕਾਂਗਰਸ ਅੰਦਰ ਧੜੇਬੰਦੀ ਦੀ ਚਰਚਾ ਹੈ। ਇਸ ਤੋਂ ਇਲਾਵਾ ਮੀਟਿੰਗ ’ਚ ਕਈ ਦੂਲੋ ਸਮੱਰਥਕ ਕਾਂਗਰਸੀ ਆਗੂ ਤੇ ਪੁਰਾਣੇ ਵਰਕਰ ਵੀ ਨਜਰ ਨਹੀਂ ਆਏ। ਦੂਸਰੇ ਪਾਸੇ ਜਦੋਂ ਕੁੱਝ ਗੈਰ ਹਾਜਰ ਕਾਂਗਰਸੀਆਂ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਕੋਈ ਨਾ ਕੋਈ ਬਹਾਨਾਂ ਬਣਾ ਕੇ ਪੱਲਾ ਝਾੜ ਲਿਆ। ਇਸ ਮੌਕੇ ਮੀਟਿੰਗ ’ਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ, ਹਰਦੇਵ ਸਿੰਘ ਰੋਸ਼ਾ, ਪ੍ਰਧਾਨ ਅਸ਼ੋਕ ਤਿਵਾੜੀ, ਮੁਨੀਸ਼ ਖੰਨਾ ਐਡਵੋਕੇਟ, ਸੁਦਰਸ਼ਨ ਵਰਮਾ ਪੱਪੀ, ਰੁਪਿੰਦਰ ਸਿੰਘ ਰਾਜਾਗਿੱਲ, ਅਮਨ ਕਟਾਰੀਆ, ਚੇਅਰਮੈਨ ਹਰਬੰਸ ਸਿੰਘ ਰੋਸ਼ਾ, ਵਿਕਾਸ ਮਹਿਤਾ, ਰਾਜੀਵ ਰਾਏ ਮਹਿਤਾ ਤੋਂ ਇਲਾਵਾ ਇਲਾਕੇ ਦੇ ਕਈ ਕਾਂਗਰਸੀ ਵਰਕਰ ਹਾਜ਼ਰ ਸਨ।



