ਵਾਸ਼ਿੰਗਟਨ ਡੀਸੀ, 19 ਦਸੰਬਰ (ਗਿੱਲ)- ਪੇਸ਼ਾਵਰ ਸਥਿਤ ਆਰਮੀ ਸਕੂਲ ਦੇ ਵਿਦਿਆਰਥੀਆਂ ਦੇ ਅੱਤਵਾਦੀਆਂ ਵੱਲੋਂ ਕੀਤੇ ਘਿਨੌਣੇ ਕਤਲੇਆਮ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ। ਭਾਵੇਂ ਮਾਵਾਂ ਨੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਮੁਲਕ ਦੀ ਆਬਰੂ ਦੀ ਰੱਖਿਆ ਲਈ ਉਨ੍ਹਾਂ ਨੂੰ ਇਸ ਸਕੂਲ ਵਿੱਚ ਦਾਖਲਾ ਦਿਵਾਇਆ ਕਿ ਉਹ ਸੱਚੇ-ਸੁ¤ਚੇ ਰਖਵਾਲੇ ਬਣ ਦੇਸ਼ ਦੀ ਰੱਖਿਆ ਕਰਨ, ਪਰ ਇਨਸਾਨੀਅਤ ਦੇ ਕਾਤਲ ਜਿਨ੍ਹਾਂ ਦਾ ਕੋਈ ਧਰਮ, ਜਾਤ ਨਹੀਂ ਹੈ, ਉਨ੍ਹਾਂ ਨੇ ਨੰਨ੍ਹੀਆਂ ਜਿੰਦਾਂ ਨੂੰ ਕੋਹ-ਕੋਹ ਮਾਰਿਆ ਜਿਸ ਉ¤ਪਰ ਪੂਰੇ ਸੰਸਾਰ ਦੇ ਹਰ ਪ੍ਰਾਣੀ ਨੇ ਦਿਲੋਂ ਦੁੱਖ ਪ੍ਰਗਟਾਇਆ ਹੈ। ਇਨ੍ਹਾਂ ਹਮਦਰਦੀ ਭਰੇ ਪਲਾਂ ਦੇ ਨਾਲ-ਨਾਲ ਸੇਜਲ ਅੱਖਾਂ ਨਾਲ ਪਾਕਿਸਤਾਨ ਅੰਬੈਸੀ ਦੇ ਅਧਿਕਾਰੀਆਂ ਨੂੰ ਲਿਖਤੀ ਮੈਮੋਰੰਡਮ ਸੌਂਪਿਆ ਗਿਆ ਜਿਸ ’ਤੇ ਹਿੰਦੂ, ਸਿੱਖ, ਮੁਸਲਿਮ ਅਤੇ ਜੈਨ ਕਮਿਊਨਿਟੀ ਦੇ ਲੀਡਰਾਂ ਦੇ ਦਸਤਖਤ ਸਨ। ਜਿਥੇ ਇਨ੍ਹਾਂ ਲੀਡਰਾਂ ਨੇ ਪਰਿਵਾਰ ਅਤੇ ਸਰਕਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਅਫਸੋਸ ਕੀਤਾ ਉਥੇ ਉਨ੍ਹਾਂ ਨੇ ਮਦਦ
ਕਰਨ ਦੀ ਆਸ ਵੀ ਪ੍ਰਗਟਾਈ।
ਇਸ ਵਫਦ ਨੂੰ ਮਿਲਾਉਣ ਅਤੇ ਇਸ ਦੀ ਅਗਵਾਈ ਸਾਜਿਦ ਤਰਾਰ ਡਾਇਰੈਕਟਰ ਸੋਸ਼ਲ ਚੇਜ ਅਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਨੇ ਕੀਤੀ। ਜਿੱਥੇ ਉਨ੍ਹਾਂ ਆਪਣੇ ਦੁੱਖ ਭਰੇ ਸ਼ਬਦਾਂ ਨੂੰ ਅੰਬੈਸੀ ਦੀ ਕਿਤਾਬ ਵਿੱਚ ਦਰਜ ਕੀਤਾ ਉਥੇ ਮੈਮੋਰੰਡਮ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਅੱਤਵਾਦੀ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਦੇ ਖਾਤਮੇ ਲਈ ਪੂਰੀ ਦੁਨੀਆ ਦਾ ਚਟਾਨ ਵਾਂਗ ਖੜ੍ਹੇ ਹੋਣਾ ਸਮੇਂ ਦੀ ਲੋੜ ਹੈ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਦੇ ਨਾਲ-ਨਾਲ ਮਾਪਿਆਂ ਨੂੰ ਹੌਸਲੇ ਦਾ ਪ੍ਰਗਟਾਵਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਇਸ ਵਫਦ ਵਿੱਚ ਦਿਵੰਗ ਸ਼ਾਹ ਪਾਰਸੀ, ਕੰਵਲਜੀਤ ਸਿੰਘ ਕਨਵੀਨਰ ਵਰਜੀਨੀਆ, ਬਲਜਿੰਦਰ ਸਿੰਘ ਸ਼ੰਮੀ ਭਾਜਪਾ ਕਨਵੀਨਰ ਮੈਰੀਲੈਂਡ, ਸੁਰਿੰਦਰ ਸਿੰਘ ਰਹੇਜਾ, ਡਾ. ਸੁਖਪਾਲ ਸਿੰਘ ਧਨੋਆ ਡਾਇਰੈਕਟਰ ਰੇਡੀਓ ਪੰਜਾਬੀ ਵੇਵ, ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਡਾ. ਸੁਰਿੰਦਰ ਸਿੰਘ ਗਿੱਲ ਸਾਊਥ ਏਸ਼ੀਅਨ ਆਰਗੇਨਾਈਜ਼ਰ ਅਤੇ ਪੱਤਰਕਾਰ, ਸਰਵਣ ਸਿੰਘ ਮਾਣਕੂ ਟੀਵੀ ਏਸ਼ੀਆ, ਪਰਮਜੀਤ ਸਿੰਘ ਬੇਦੀ, ਹਰਜੀਤ ਸਿੰਘ ਹੁੰਦਲ, ਗੁਰਚਰਨ ਸਿੰਘ ਵਰਲਡ ਬੈਂਕ, ਮੁਹੰਮਦ, ਕਿਰਨਪ੍ਰੀਤ ਸਿਘ ਸੋਨੀ ਯੂਥ ਲੀਡਰ, ਸਾਜਿਦ ਤਰਾਰ, ਪਵਨ ਜੀ ਅਤੇ ਸਤੀਸ਼ ਜੀ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਹੋਰ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ। ਫੁੱਲਾਂ ਦੇ ਗੁਲਦਸਤਿਆਂ ਨਾਲ ਨੰਨ੍ਹੀਆਂ ਜਿੰਦਾਂ ਨੂੰ ਸ਼ਰਧਾ ਭੇਟ ਕੀਤੀ ਗਈ ਅਤੇ ਸਾਰਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਕਮਿਊਨਿਟੀ ਮਨਿਸਟਰ ਮੁਹੰਮਦ ਹਸਨ ਨੇ ਪੂਰੀ ਵਾਰਦਾਤ ਦੀ ਤਫਸ਼ੀਲ ਅਤੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਅਤੇ ਵਫਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਮੈਮੋਰੰਡਮ ਨੂੰ ਪਾਕਿਸਤਾਨ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਮੀਡੀਏ ਵੱਲੋਂ ਵੀ ਦੁਖ ਦਾ ਇਜ਼ਹਾਰ ਕੀਤਾ ਗਿਆ ਅਤੇ ਬੱਚਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।



