ਰਾਮਪੁਰਾ ਫੂਲ, 18 ਦਸੰਬਰ (ਜੋਸਫ਼ ਬਾਂਸਲ)- ਬੀਤੇ ਦਿਨੀ ਪਾਣੀ ’ਚ ਡੁੱਬਣ ਕਾਰਨ ਮਰੀ ਸਟਾਫ਼ ਨਰਸ ਕਿਰਨਜੀਤ ਕੌਰ ਦਾ ਪਿੰਡ ਆਲੀਕੇ ’ਚ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਪਹਿਲਾ ਐਨ.ਆਰ.ਐਚ.ਐਮ ਯੂਨੀਅਨ, ਪੈਰਾ ਮੈਡੀਕਲ ਹੈਲਥ ਇੰਪਲਾਇਜ਼ ਯੂਨੀਅਨ ਬਲਾਕ ਬਾਲਿਆਂਵਾਲੀ, ਕਲਾਸ ਫੋਰਥ ਯੂਨੀਅਨ ਵੱਲੋਂ ਮੁਆਵਜੇ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਹਸਪਤਾਲ ’ਚ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਿੰਡ ਆਲੀਕੇ ਦੀ ਰਹਿਣ ਵਾਲੀ ਗਰਭਵਤੀ ਅਮਰਜੀਤ ਕੌਰ ਨੂੰ ਜਣੇਪੇ ਲਈ ਪਿੰਡ ਕਰਾੜਵਾਲਾ ਸਥਿਤ ਮਿੰਨੀ ਪੀ.ਐਚ.ਸੀ. ਵਿਖੇ ਲੈ ਜਾਇਆ ਜਾ ਰਿਹਾ ਸੀ। ਇਸ ਦੌਰਾਨ ਕਿਰਨਜੀਤ ਕੌਰ ਸਮੇਤ ਅਮਰਜੀਤ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਉਨ੍ਹਾਂ ਸਾਰਿਆਂ ਨੂੰ ਲੈ ਕੇ ਆ ਰਹੀ ਟਵੇਰਾ ਗੱਡੀ ਜਿਉਂ ਹੀ ਪਿੰਡ ਕਰਾੜਵਾਲਾ ਦੇ ਕੋਤਰੀ ਵਾਲਾ ਪੁਲ ਦੇ ਨਜ਼ਦੀਕ ਪੁੱਜੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਸੂਏ ਵਿੱਚ ਡਿੱਗ ਗਈ ਸੀ ਤੇ ਕਿਰਨਜੀਤ ਇਸ ਦੌਰਾਨ ਪਾਣੀ ਵਿੱਚ ਵਹਿ ਗਈ ਸੀ। ਇਸ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਨ.ਆਰ.ਐਚ.ਐਮ ਯੂਨੀਅਨ ਦੀ ਸੂਬਾ ਪ੍ਰਧਾਨ ਨਵਨੀਤ ਕੌਰ ਅਤੇ ਮੀਤ ਪ੍ਰਧਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਸਟਾਫ ਨਰਸ ਕਿਰਨਜੀਤ ਕੌਰ ਦੀ ਮੌਤ ਆਪਣੀ ਡਿਊਟੀ ਦਾ ਫਰਜ
ਨਿਭਾਉਂਦਿਆਂ ਹੋਈ ਹੈ।
ਇਸ ਲਈ ਪੰਜਾਬ ਸਰਕਾਰ ਵੱਲੋਂ ਉਸਦੇ ਛੋਟੇ ਜੁੜਵਾ ਬੱਚਿਆਂ ਲਈ 5-5 ਲੱਖ ਰੁਪਿਆ ਮੁਆਵਜਾ ਤੇ ਪਤੀ ਨੂੰ ਨੌਕਰੀ ਦਿੱਤੀ ਜਾਵੇ। ਇਸ ਮੌਕੇ ਪੈਰਾ ਮੈਡੀਕਲ ਹੈਲਥ ਇੰਪਲਾਇਜ਼ ਯੂਨੀਅਨ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ, ਕਲਾਸ ਫੋਰਥ ਯੂਨੀਅਨ ਦੇ ਕ੍ਰਿਸ਼ਨ ਕੁਮਾਰ, ਐਨ.ਆਰ.ਐਚ.ਐਮ ਯੂਨੀਅਨ ਦੇ ਪਰਮਿੰਦਰ ਸਿੰਘ, ਰਜਿੰਦਰ ਸਿੰਘ ਢਿੱਲੋਂ ਆਦਿ ਹਾਜਰ ਸਨ।
ਪੋਸਟ ਮਾਰਟਮ ਉਪਰੰਤ ਮ੍ਰਿਤਕਾ ਕਿਰਨਜੀਤ ਕੌਰ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਉਣ ਲਈ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਮੁਆਵਜੇ ਦੀ ਮੰਗ ਪੂਰੀ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।



