ਪਿਸ਼ਾਵਰ, 12 ਦਸੰਬਰ (ਪੀ. ਟੀ.)- ਫ਼ਿਲਮੀ ਪਰਦੇ ਦੇ ‘ਦੇਵ ਦਾਸ’ ਦਲੀਪ ਕੁਮਾਰ ਦਾ ਪਿਸ਼ਾਵਰ ਸਥਿਤ ਪੁਸ਼ਤੈਨੀ ਘਰ ਢਹਿਣ ਦੀ ਕਗਾਰ ’ਤੇ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਸੀ। ਇਹ ਦੋ ਮੰਜ਼ਿਲਾ ਮਕਾਨ ਥੋੜ੍ਹਾ ਅੱਗੇ ਨੂੰ ਝੁਕ ਗਿਆ ਹੈ। ਕਿੱਸਾ ਖਵਾਨੀ ਬਾਜ਼ਾਰ ‘ਚ ਖੁਦਾਦਾਦ ਮੁਹੱਲੇ ਦੇ ਨਿਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰਾਸ਼ਟਰੀ ਵਿਰਾਸਤ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਦਲੀਪ ਕੁਮਾਰ ਦੇ ਇਸ ਘਰ ਨੂੰ ਪਿਛਲੇ ਸਾਲ ਜੁਲਾਈ ‘ਚ ਰਾਸ਼ਟਰੀ ਵਿਰਾਸਤ ਐਲਾਨਿਆ ਗਿਆ ਸੀ। ਇਸ ਐਲਾਨ ਨੇ ਉੱਥੋਂ ਦੇ ਨਿਵਾਸੀਆਂ ਨੂੰ ਖ਼ੁਸ਼ ਹੋਣ ਦਾ ਇੱਕ ਹੋਰ ਕਾਰਨ ਦਿੱਤਾ ਸੀ। ਦਲੀਪ ਕੁਮਾਰ ਦਾ ਇਹ ਪੁਸ਼ਤੈਨੀ ਘਰ 130 ਵਰਗ ਮੀਟਰ ‘ਚ ਫੈਲਿਆ ਹੋਇਆ ਹੈ, ਸਰਕਾਰ ਦੀ ਇਸ ਘਰ ਨੂੰ ਮਿਊਜ਼ੀਅਮ ਬਣਾਉਣ ਦੀ ਯੋਜਨਾ ਸੀ ਪਰ ਇਸ ਦਿਸ਼ਾ ‘ਚ ਅਜੇ ਕੁੱਝ ਨਹੀਂ ਕੀਤਾ ਗਿਆ। ਦਲੀਪ ਕੁਮਾਰ ਦੇ ਪੁਸ਼ਤੈਨੀ ਘਰ ਦੇ ਗੁਆਂਢ ‘ਚ ਰਹਿਣ ਵਾਲੇ ਸ਼ਾਹ ਹੁਸੈਨ ਨੇ ਕਿਹਾ ਕਿ ਇਹ ਮਕਾਨ ਬਹੁਤ ਬੁਰੀ ਹਾਲਤ ‘ਚ ਹੈ ਤੇ ਇਹ ਕਦੇ ਵੀ ਡਿੱਗ ਸਕਦਾ ਹੈ।


