Skip to content
Independent perspectives. Global stories.
BREAKING

ਨਵਜੋਤ ਸਿੱਧੂ ਦੀ ਬਾਣੀ ਨਾਲ ਛੇੜਛਾੜ ਸਬੰਧੀ ਗਲਤੀ ਨਾਲ ਅਕਾਲੀ ਦਲ ਦੇ ਆਇਆ ਕੜਾ ਲੋਟ

Share this story

Page-1_21 ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਸੋਨੂੰ ਖੇੜਾ)- ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਧੜੱਲੇਦਾਰ ਆਗੂ ਨਵਜੋਤ ਸਿੰਘ ਸਿੱਧੂ ਭਾਵੇਂ ਰਾਜਨੀਤੀ ’ਚ ਪੂਰੇ ਚੰਡੇ ਹੋਏ ਅਤੇ ਸਮਝਦਾਰ ਆਗੂ ਹਨ, ਪਰ ਬੰਦਾ ਕਿੱਡਾ ਮਰਜ਼ੀ ਸਮਝਦਾਰ ਹੋਵੇ ਫਿਰ ਵੀ ਕਦੇ ਨਾ ਕਦੇ ਉਸਦੀ ਜ਼ੁਬਾਨ ਉਸ ਤੋਂ ਅਜਿਹੀ ਗਲਤੀ ਕਰਵਾ ਹੀ ਦਿੰਦੀ ਹੈ ਜੋ ਉਸਦੇ ਪਿਛਲੇ ਸਭ ਕਰੇ ਕਰਾਏ ’ਤੇ ਪਾਣੀ ਫੇਰ ਦਿੰਦੀ ਹੈ। ਅਜਿਹਾ ਹੀ ਵਾਪਰਿਆ ਭਾਜਪਾ ਦੇ ਮਹਾਂਰਥੀ ਸਿੱਧੂ ਨਾਲ ਜਿਸ ਨੂੰ ਅਕਾਲੀ ਦਲ ਹਾਈਕਮਾਂਡ ਭਾਵ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੇ ਕਾਫੀ ਸਮੇਂ ਤੋਂ ਸੱਤਾਹੀਣ ਕਰਕੇ ਬਿਠਾਇਆ ਹੋਇਆ ਸੀ ਕਿਉਂਕਿ ਨਵਜੋਤ ਸਿੰਘ

ਸਿੱਧੂ ਨੇ ਇਸ ਗੱਲ ਵਿਰੁੱਧ ਆਵਾਜ਼ ਉਠਾਈ ਸੀ ਕਿ ਬਾਦਲਾਂ ਵੱਲੋਂ ਉਸ ਦੇ ਹਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਗ੍ਰਾਂਟਾਂ ਹੋਰ ਹਲਕਿਆਂ ਵਿੱਚ ਡਾਇਵਰਟ ਕੀਤੀਆਂ ਜਾ ਰਹੀਆਂ ਹਨ। ਬਸ ਬਾਦਲਾਂ ਖਿਲਾਫ ਆਵਾਜ਼ ਉਠਾਉਣ ਦੇ ਖਮਿਆਜ਼ੇ ਵਜੋਂ ਉਸ ਨੂੰ ਸ਼ਕਤੀਹੀਣ ਕਰਕੇ ਰੱਖਿਆ ਹੋਇਆ ਸੀ ਤੇ ਇੱਥੋਂ ਤੱਕ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਉਸਦੀ ਟਿਕਟ ਵੀ ਖੋਹ ਕੇ ਭਾਜਪਾ ਦੇ ਅਰੁਣ ਜੇਤਲੀ ਨੂੰ ਦੇ ਦਿੱਤੀ ਗਈ, ਜਦਕਿ ਸਹੀ ਮਾਅਇਨਾਂ ਵਿੱਚ ਹੱਕ ਸਿੱਧੂ ਦਾ ਹੀ ਬਣਦਾ ਸੀ। ਪਰ, ਜੇਤਲੀ ਨੂੰ ਮਿਲੀ ਕਰਾਰੀ ਹਾਰ ਤੇ ਕੇਂਦਰ ’ਚ ਭਾਜਪਾ ਸਰਕਾਰ ਬਣਨ ਕਾਰਨ ਸਿੱਧੂ ਦੇ ਸਿਤਾਰੇ ਫਿਰ ਚਮਕਣ ਲੱਗੇ ਤੇ ਬਾਜ਼ੀ ਪੂਰੀ ਤਰ੍ਹਾਂ ਉਸਦੇ ਹੱਥ ਉਦੋਂ ਆ ਗਈ ਜਦੋਂ ਹਰਿਆਣਾ ਚੋਣਾਂ ’ਚ ਮੁੱਖ ਮੰਤਰੀ ਸ. ਬਾਦਲ ਨੇ ਪੰਜਾਬ ਵਿਚਲੀ ਆਪਣੀ ਸਹਿਯੋਗੀ ਪਾਰਟੀ ਭਾਜਪਾ ਦੇ ਵਿਰੁੱਧ ਇਨੈਲੋ ਦੀ ਮਦਦ ਦੀ ਜ਼ਿਦ ਪਕੜ ਲਈ। ਬੱਸ ਉਸ ਦਿਨ ਤੋਂ ਬਾਅਦ ਪੱਤੇ ’ਤੇ ਪੱਤਾ ਸਿੱਧੂ ਦੇ ਹੱਥ ਆਉਂਦਾ ਰਿਹਾ ਤੇ ਉਹ ਰਾਜਨੀਤੀ ਦੀ ਇਸ ਖੇਡ ਵਿੱਚ ਬਾਦਲਾਂ ’ਤੇ ਭਾਰੀ ਪੈਂਦਾ ਗਿਆ। ਕੇਂਦਰ ਦੀ ਭਾਜਪਾ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਜਿਹਾ ਥਾਪਨਾ ਦਿੱਤਾ ਗਿਆ ਕਿ ਉਹ ਅਕਾਲੀ ਦਲ ’ਤੇ ਤਾਬੜਤੋੜ ਹਮਲਾ ਕਰਦੇ-ਕਰਦੇ ਨਾ ਸਿਰਫ ਪੰਜਾਬ ’ਚ ਹੀ ਛਾਇਆ ਬਲਕਿ ਸਮੁੱਚੇ ਭਾਰਤ ’ਚ ਆਪਣੀ ਚਮਕ ਕਾਇਮ ਕਰਨ ਵਿੱਚ ਕਾਮਯਾਬ ਹੋ ਗਿਆ। ਪੰਜਾਬ ਭਾਜਪਾਈ ਤਾਂ ਸਿੱਧੂ ਨੂੰ ਅਗਲਾ ਪੰਜਾਬ ਪ੍ਰਧਾਨ ਹੀ ਨਹੀਂ, ਸਗੋਂ ਮੁੱਖ ਮੰਤਰੀ ਵਜੋਂ ਵੀ ਦੇਖਣ ਲੱਗ ਪਏ ਸਨ। ਪਰ, ਕਹਿੰਦੇ ਹਨ ਕਿ ਜ਼ਿਆਦਾ ਆਤਮ ਵਿਸ਼ਵਾਸ ਵੀ ਬੰਦੇ ਨੂੰ ਮਾਰ ਜਾਂਦਾ ਹੈ। ਅੰਨ੍ਹੇਵਾਹ ਝੋਲੀ ’ਚ ਡਿੱਗਦੀਆਂ ਸਫਲਤਾਵਾਂ ਵੀ ਬੰਦੇ ਨੂੰ ਆਪੇ ਤੋਂ ਬਾਹਰ ਕਰ ਦਿੰਦੀਆਂ ਹਨ। ਇਸੇ ਤਰ੍ਹਾਂ ਹੀ ਸਿੱਧੂ ਨਾਲ ਹੋਇਆ ਜਦੋਂ ਬਾਦਲਾਂ ’ਤੇ ਛਾਉਂਦਾ-ਛਾਉਂਦਾ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਨਾਲ ਛੇੜਛਾੜ ਦੀ ਵੱਡੀ ਗਲਤੀ ਕਰ ਬੈਠਾ ਤੇ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ। ਕਿਉਂਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ ਸਿੱਖ ਉਸ ਨੂੰ ਝੁਕਾਅ ਹੀ ਲੈਂਦੇ ਹਨ। ਨਵਜੋਤ ਸਿੰਘ ਸਿੱਧੂ ਦੀ ਇਸ ਗਲਤੀ ਨਾਲ ਅਕਾਲੀ ਦਲ ਨੂੰ ਇਹ ਫਾਇਦਾ ਹੋਇਆ ਕਿ ਕੜਾ ਆਪਣੇ ਆਪ ਬਾਦਲਾਂ ਦੇ ਲੋਟ ਆ ਗਿਆ। ਜੋ ਬਾਦਲ ਕਈ ਮਹੀਨਿਆਂ ਤੋਂ ਭਾਜਪਾ ਹਾਈਕਮਾਂਡ ਅੱਗੇ ਗੁਹਾਰ ਲਾ ਰਹੇ ਸਨ ਕਿ ਸਿੱਧੂ ਦੀ ਬਿਆਨਬਾਜ਼ੀ ਬੰਦ ਕਰਵਾਈ ਜਾਵੇ, ਪਰ ਸਿੱਧੂ ਦੀ ਬਿਆਨਬਾਜ਼ੀ ਬੰਦ ਹੋਣ ਦਾ ਨਾ ਨਹੀਂ ਲੈ ਰਹੀ ਸੀ, ਉਨ੍ਹਾਂ ਬਾਦਲਾਂ ਦੇ ਅਚਨਚੇਤ ਹੀ ਸਿੱਧੂ ਦੀ ਇਹ ਗਲਤੀ ਵੱਤਰ ਆ ਗਈ। ਹੁਣ ਜਾਪਦਾ ਹੈ ਕਿ ਸਿੱਧੂ ਨੂੰ ਭਾਜਪਾ ਹਾਈਕਮਾਂਡ ਨੇ ਚੁੱਪ ਕਰਵਾ ਦਿੱਤਾ ਹੈ ਜਾਂ ਫਿਰ ਸਿੱਖਾਂ ਦੇ ਸਾਹਮਣੇ ਆਉਣ ਤੋਂ ਕਤਰਾ ਰਿਹਾ ਹੈ। ਇਸੇ ਲਈ ਹੁਣ ਸਿੱਧੂ ਦੀ ਬਿਆਨਬਾਜ਼ੀ ਸੁਣਨ ਨੂੰ ਨਹੀਂ ਮਿਲ ਰਹੀ। ਜੇਕਰ ਨਵਜੋਤ ਸਿੰਘ ਸਿੱਧੂ ਸਿਆਣਪ ਤੋਂ ਕੰਮ ਲਵੇ ਤਾਂ ਉਹ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗ ਲਵੇ ਤੇ ਆਪਣੇ ਲਈ ਸਜ਼ਾ ਦੀ ਮੰਗ ਕਰੇ। ਸਿੱਖ ਸੰਗਤ ਜੋ ਵੀ ਸਜ਼ਾ ਲਾਵੇ ਉਹ ਮਨਜ਼ੂਰ ਕਰੇ। ਫੇਰ ਭਾਵੇਂ ਅਕਾਲੀ ਦਲ ’ਤੇ ਰਗੜੇ ਲਾਈ ਜਾਵੇ ਜਾਂ ਕਿਸੇ ਹੋਰ ’ਤੇ, ਸਿੱਖਾਂ ਨੂੰ ਕੋਈ ਮਤਲਬ ਨਹੀਂ।

WRITTEN BY