ਸੰਗਰੂਰ ਬੱਸ ਅੱਡਾ ਸਹੂਲਤਾਂ ਤੋਂ ਸੱਖਣਾ
ਸੰਗਰੂਰ, 9 ਦਸੰਬਰ-ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੈਪਸੂ ਰੋਡ ਟਰਾਂਸਪੋਰਟ ਦੀਆਂ ਖਟਾਰਾ ਬੱਸਾਂ ਦੇ ਮਾਮਲੇ ’ਤੇ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਤਲਬ ਕਰ ਲਿਆ ਹੈ। ਕਮਿਸ਼ਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਵਾਰ-ਵਾਰ ਸੱਦਣ ਦੇ ਬਾਵਜੂਦ ਕਾਰਪੋਰੇਸ਼ਨ ਦਾ ਕੋਈ ਵੀ ਉ¤ਚ ਅਧਿਕਾਰੀ ਪੱਖ ਦੱਸਣ ਲਈ ਹਾਜ਼ਰ ਨਹੀਂ ਹੋਇਆ ਹੈ। ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਪੀਆਰਟੀਸੀ ਦੀਆਂ ਬੱਸਾਂ ਦੀ ਮਾੜੀ ਹਾਲਤ ਬਾਰੇ ਤਿਆਰ ਕੀਤੀ ਗਈ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਕਮਿਸ਼ਨ ਨੇ ਕਾਰਪੋਰੇਸ਼ਨ ਦੇ ਐਮ ਡੀ ਤੋਂ ਰਿਪੋਰਟ ਮੰਗ ਲਈ ਸੀ ਕਮਿਸ਼ਨਰ ਨੇ ਅਗਲੀ ਪੇਸ਼ੀ ਵੇਲੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਪ੍ਰਬੰਧਕੀ ਨਿਰਦੇਸ਼ਕ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦਿੱਤੀ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ 22 ਅਗਸਤ ਨੂੰ ਪੈਪਸੂ ਰੋਡ ਦੀਆਂ ਕਈ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਉਹ ਕਮਿਸ਼ਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਬੱਸਾਂ ਦੀ
ਚੈਕਿੰਗ ਦੌਰਾਨ ਦੇਖਿਆ ਕਿ ਪੀਆਰਟੀਸੀ ਦੀਆਂ ਬੱਸਾਂ ਵਿੱਚ ਫਸਟ ਏਡ ਬਾਕਸ ਨਹੀਂ ਸਨ। ਖਟਾਰਾ ਹੋ ਚੁੱਕੀਆਂ ਇਨ੍ਹਾਂ ਬੱਸਾਂ ਦੇ ਸ਼ੀਸ਼ੇ ਅਤੇ ਬਾਰੀਆਂ ਟੁੱਟੀਆਂ ਹੋਈਆਂ ਸਨ ਅਤੇ ਮੁਸਾਫਰਾਂ ਦੇ ਬੈਠਣ ਵਾਲੀਆਂ ਸੀਟਾਂ ਦੀ ਹਾਲਤ ਮਾੜੀ ਸੀ। ਬੱਸਾਂ ਬਾਹਰੋਂ ਹੀ ਗੰਦੀਆਂ ਨਹੀਂ ਸਨ ਸਗੋਂ ਅੰਦਰ ਵੀ ਸਫਾਈ ਪੱਖੋਂ ਬੁਰਾ ਹਾਲ ਸੀ। ਬੱਸਾਂ ਦੇ ਕੰਡਕਟਰਾਂ ਅਤੇ ਡਰਾਈਵਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰ ਵੱਲੋਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਅਤੇ ਵਰਕਸ਼ਾਪਾਂ ਵਿੱਚ ਬੱਸਾਂ ਦੀ ਮੁਰੰਮਤ ਨਹੀਂ ਹੋ ਰਹੀ ਹੈ ਜਦੋਂ ਕਿ ਕਾਰਪੋਰੇਸ਼ਨ ਵੱਲੋਂ ਬੱਸਾਂ ਨੂੰ ਇਸੇ ਹਾਲਤ ਵਿੱਚ ਚਲਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀ ਜਾਂਚ ਰਿਪੋਰਟ ਵਿੱਚ ਚੈ¤ਕ ਕੀਤੀਆਂ ਬੱਸਾਂ ਦੇ ਨੰਬਰ ਅਤੇ ਕੰਡਕਟਰਾਂ ਤੇ ਡਰਾਈਵਰਾਂ ਦੇ ਨਾਂਅ ਵੀ ਦਿੱਤੇ ਹਨ। ਸ਼੍ਰੀ ਖੰਨਾ ਵੱਲੋਂ ਸੰਗਰੂਰ ਦੇ ਬੱਸ ਅੱਡੇ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇਸ ਬੱਸ ਅੱਡੇ ਦੀ ਦੁਰਦਸ਼ਾ ਬਾਰੇ ਤਿਆਰ ਕੀਤੀ ਰਿਪੋਰਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਇੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦਾ ਬੰਦੋਬਸਤ ਨਹੀਂ ਹੈ, ਮੁੱਖ ਦੁਆਰ ਨੇੜੇ ਬਣੇ ਪਖਾਨੇ ਬਦਬੁੂ ਮਾਰ ਰਹੇ ਹਨ, ਬੱਸ ਅੱਡੇ ਦੇ ਅੰਦਰ ਚੱਲ ਰਹੀਆਂ ਦੁਕਾਨਾਂ ’ਤੇ ਮੁਸਾਫਰਾਂ ਦੀ ਲੁੱਟ ਹੋ ਰਹੀ ਹੈ ਅਤੇ ਵੇਚਣ ਵਾਲੀਆਂ ਚੀਜ਼ਾਂ ਦੇ ਰੇਟ ਦੀ ਸੂਚੀ ਨਹੀਂ ਲਾਈ ਗਈ ਹੈ। ਹੋਰ ਤਾਂ ਹੋਰ ਬੱਸ ਅੱਡਾ ਸੜਕ ਤੋਂ ਨੀਵਾਂ ਹੈ, ਜਿਸ ਕਰਕੇ ਬਰਸਾਤਾਂ ਵਿੱਚ ਇੱਥੇ ਪਾਣੀ ਭਰ ਜਾਂਦਾ ਹੈ। ਮੀਂਹ ਦੇ ਦਿਨਾਂ ਵਿੱਚ ਲੋਕ ਬੱਸ ਅੱਡੇ ਦੇ ਅੰਦਰ ਜਾਣ ਤੋਂ ਡਰਦੇ ਹਨ। ਉਨ੍ਹਾਂ ਨੇ ਬੱਸ ਅੱਡੇ ਦੀ ਚੈਕਿੰਗ ਕਰਨ ਵੇਲੇ ਕਾਰਪੋਰੇਸ਼ਨ ਦੇ ਸੰਗਰੂਰ ਡੀਪੂ ਦੇ ਜਨਰਲ ਮੈਨੇਜਰ ਅਤੇ ਅੱਡਾ ਇੰਚਾਰਜ ਨੂੰ ਵੀ ਨਾਲ ਲਿਆ ਸੀ। ਸ਼੍ਰੀ ਖੰਨਾ ਦੀ ਅਚਨਚੇਤ ਚੈਕਿੰਗ ਤੋਂ ਬਾਅਦ ਇੱਕ ਆਰਟੀਆਈ ਕਾਰਕੁੰਨ ਜਤਿੰਦਰ ਕਾਲੜਾ ਨੇ ਕਾਰਪੋਰੇਸ਼ਨ ਤੋਂ ਸੰਗਰੂਰ ਅੱਡੇ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਮੰਗੀ ਸੀ। ਆਰਟੀਆਈ ਤਹਿਤ ਦਿੱਤੀ ਸੂਚਨਾ ਵਿੱਚ ਕਾਰਪੋਰੇਸ਼ਨ ਨੇ ਸੰਗਰੂਰ ਬੱਸ ਅੱਡੇ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਸੀ। ਆਰਟੀਆਈ ਤਹਿਤ ਦਿੱਤੀ ਸੂਚਨਾ ਵਿੱਚ ਕਾਰਪੋਰੇਸ਼ਨ ਨੇ ਸੰਗਰੂਰ ਬੱਸ ਅੱਡੇ ਦੇ ਸਹੂਲਤਾਂ ਤੋਂ ਸੱਖਣਾ ਹੋਣ ਦੇ ਦੇਸ਼ਾਂ ਨੂੰ ਗਲਤ ਦੱਸਿਆ ਸੀ। ਕਮਿਸ਼ਨ ਕੋਲ ਆਰਟੀਆਈ ਰਾਹੀਂ ਪ੍ਰਾਪਤ ਹੋਏ ਜਵਾਬ ਦੀ ਕਾਪੀ ਵੀ ਮੌਜੂਦ ਹੈ। ਕਮਿਸ਼ਨ ਨੇ ਅਵਿਨਾਸ਼ ਰਾਏ ਖੰਨਾ ਦੀ ਅਚਨਚੇਤ ਚੈਕਿੰਗ ਰਿਪੋਰਟ ਬਾਰੇ ਕਾਰਪੋਰੇਸ਼ਨ ਦੀ ਜਵਾਬਤਲਬੀ ਕਰ ਲਈ ਸੀ। ਕਮਿਸ਼ਨ ਨੇ ਪਹਿਲੀ ਵਾਰ 30 ਦਸੰਬਰ 2013 ਨੂੰ ਰਿਪੋਰਟ ਮੰਗੀ ਸੀ। ਜਵਾਬ ਨਾ ਦੇਣ ’ਤੇ ਦੂਜੀ ਵਾਰ 11 ਅਪ੍ਰੈਲ ਨੂੰ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਕਾਰਪੋਰੇਸ਼ਨ ਦਾ ਪੱਖ ਉਡੀਕ ਕੇ 16 ਅਪ੍ਰੈਲ ਅਤੇ 23 ਸਤੰਬਰ ਨੂੰ ਦੋ ਹੋਰ ਵਾਰ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਕਮਿਸ਼ਨ ਨੇ ਕਾਰਪੋਰੇਸ਼ਨ ਨੂੰ ਭੇਜੇ ਤਾਜ਼ਾ ਪੱਤਰ ’ਚ ਪ੍ਰਬੰਧਕੀ ਨਿਰਦੇਸ਼ਕ ਨੁੂੰ 28 ਜਨਵਰੀ ਲਈ ਤਲਬ ਕਰ ਲਿਆ ਹੈ। ਕਮਿਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰੀ ਡਿਊਟੀ ’ਤੇ ਹੁੰਦਿਆਂ ਏਨੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਐਮ ਡੀ ਨੂੰ ਕਾਨੂੰਨ ਮੁਤਾਬਕ ਆਪ ਪੇਸ਼ ਹੋ ਕੇ ਪੱਖ ਦੱਸਣ ਲਈ ਆਖਰੀ ਵਾਰ ਸੱਦਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।



